ਸਕੂਲ ਆਫ ਐਮੀਨੈਂਸ ਭਾਦਸੋਂ ਦਾ ਨਤੀਜਾ ਰਿਹਾ ਸ਼ਾਨਦਾਰ
ਭਾਦਸੋਂ,16 ਮਈ (ਜਗਜੀਤ ਸਿੰਘ ਕੈਂਥ) :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸਕੂਲ ਆਫ ਐਮੀਨੈਂਸ ਭਾਦਸੋਂ ਦੇ ਬੱਚਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਵਿੱਚ ਵਿਸ਼ੇਸ਼ ਚਰਚਾ ਹਾਸਲ ਕੀਤੀ ਹੈ। ਸਕੂਲ ਦਾ ਨਤੀਜਾ ਬਹੁਤ ਹੀ ਪ੍ਰਸ਼ੰਸਾਯੋਗ ਰਿਹਾ। ਸਕੂਲ ਮੁਖੀ ਸ਼੍ਰੀ ਪ੍ਰੀਤਿੰਦਰ ਘਈ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਚਲਾਏ ਗਏ “ਮਿਸ਼ਨ ਐਕਸੀਲੈਂਸ” ਤਹਿਤ ਪਹਿਲੀ ਵਾਰ ਅੱਠਵੀਂ, ਦਸਵੀਂ ਅਤੇ ਬਾਰਵੀਂ ਤਿੰਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਸਟੇਟ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਅੱਠਵੀਂ ਜਮਾਤ ਦੀ ਵਿਦਿਆਰਥਣ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਵਾਸੀ ਮਟੋਰਡਾ ਨੇ 600 ਵਿੱਚੋਂ 584 ਅੰਕ (96.3%) ਪ੍ਰਾਪਤ ਕਰਕੇ, ਦਸਵੀਂ ਜਮਾਤ ਦੀ ਵਿਦਿਆਰਥਣ ਸਾਕਸ਼ੀ ਵਰਮਾ ਪੁੱਤਰੀ ਸੰਦੀਪ ਕੁਮਾਰ ਵਰਮਾ ਨੇ 650 ਵਿੱਚੋਂ 625 ਅੰਕ (96.15%) ਪ੍ਰਾਪਤ ਕਰਕੇ ਅਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਸਮਤਪ੍ਰੀਤ ਕੌਰ ਪੁੱਤਰੀ ਨਿਰਭੈ ਸਿੰਘ ਵਾਸੀ ਭਾਦਸੋਂ ਨੇ 500 ਵਿੱਚੋਂ 484 ਅੰਕ (96.8%) ਹਾਸਲ ਕਰਕੇ ਸਟੇਟ ਮੈਰਿਟ ਵਿੱਚ ਸਥਾਨ ਬਣਾਇਆ।
ਸਕੂਲ ਦੇ ਨਤੀਜਿਆਂ ਅਨੁਸਾਰ ਅੱਠਵੀਂ ਜਮਾਤ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 8 ਅਤੇ 85 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀ ਰਹੇ। ਦਸਵੀਂ ਜਮਾਤ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 11 ਅਤੇ 85 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 18 ਵਿਦਿਆਰਥੀ ਰਹੇ। ਇਸੇ ਤਰ੍ਹਾਂ ਬਾਰਵੀਂ ਜਮਾਤ ਵਿੱਚ 18 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ।
ਮਿਸ਼ਨ ਐਕਸੀਲੈਂਸ ਤਹਿਤ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਵਿੱਚੋਂ ਕੁੱਲ 44 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੀ ਵੱਖਰੀ ਪਛਾਣ ਬਣਾਈ। ਸਕੂਲ ਨੇ ਸਿੱਖਿਆ ਦੇ ਨਾਲ-ਨਾਲ ਬੁਨਿਆਦੀ ਢਾਂਚੇ ਅਤੇ ਆਧੁਨਿਕ ਇਮਾਰਤਾਂ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।
ਇਸ ਤੋਂ ਇਲਾਵਾ ਸਕੂਲ ਮੁਖੀ ਅਤੇ ਅਧਿਆਪਕਾਂ ਵੱਲੋਂ ਲਗਾਈਆਂ ਗਈਆਂ ਵਾਧੂ ਕਲਾਸਾਂ ਦੀ ਬਦੌਲਤ NMMS ਵਿੱਚੋਂ ਤਿੰਨ ਵਿਦਿਆਰਥੀਆਂ ਨੇ ਪੇਪਰ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਸਮਰੱਥ” ਤਹਿਤ ਵੀ ਸਕੂਲ ਨੇ ਪੰਜਾਬੀ ਵਿਸ਼ੇ ਵਿੱਚ “ਐਮਰਜਿੰਗ ਅਕੈਡਮਿਕ ਸਕੂਲ” ਦਾ ਪਹਿਲਾ ਲੈਵਲ ਸਫਲਤਾਪੂਰਵਕ ਪੂਰਾ ਕੀਤਾ, ਜਿਸ ਕਾਰਨ ਜਿਲਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਕੁਮਾਰ ਸ਼ਰਮਾ ਵੱਲੋਂ ਸਕੂਲ ਮੁਖੀ ਸ਼੍ਰੀ ਪ੍ਰੀਤਇੰਦਰ ਘਈ ਅਤੇ ਪੰਜਾਬੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੀਆਂ ਲਗਾਤਾਰ ਪ੍ਰਾਪਤੀਆਂ ਕਾਰਨ ਇਲਾਕੇ ਦੇ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਗੌਰਵ ਦੀ ਲਹਿਰ ਪਾਈ ਜਾ ਰਹੀ ਹੈ ।