ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਦੇ ਅੰਗਰੇਜੀ ਵਿਭਾਗ ਦੇ ਪ੍ਰੋਫ਼ੈਸਰ ਨੇ ਪੱਖਪਾਤ ਦੇ ਦੋਸ਼ ਹੇਠ ਦਿਤਾ ਧਰਨਾ
ਕਾਲਜ ਦੇ ਲੈਕਚਰ ਰੂਮ ’ਚ ਬੱਚਿਆਂ ਨੂੰ ਪੜ੍ਹਾਉਂਣ ਤੋਂ ਰੋਕਣ ਦਾ ਲਗਾਇਆ ਦੋਸ਼
ਅਮਲੋਹ(ਅਜੇ ਕੁਮਾਰ)
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਦੇ ਅੰਗਰੇਜੀ ਵਿਭਾਗ ਦੇ ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜਾ ਨੇ ਕਾਲਜ ਪ੍ਰਿੰਸੀਪਲ ਉਪਰ ਕਥਿਤ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਹੋਏ ਕਾਲਜ ਅੱਗੇ ਬੈਠ ਕੇ ਧਰਨਾ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਕਮਰੇ ਵਿਚ ਉਹ ਵਿਦਿਆਰਥੀਆਂ ਦੀ ਕਲਾਸ ਲਗਾਉਂਦੇ ਹਨ ਉਥੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੈਠਣ ਤੋਂ ਮਨਾ ਕਰ ਦਿੱਤਾ ਜਦੋ ਕਿ ਉਨ੍ਹਾਂ ਨੂੰ ਜਿਹੜਾ ਕਮਰਾ ਦਿਤਾ ਹੈ ਉਹ ਬਹੁਤ ਹੀ ਛੋਟਾ ਹੈ ਜਿਥੇ ਬੱਚਿਆਂ ਨੂੰ ਗਰਮੀ ਵਿਚ ਪੜ੍ਹਾਈ ਕਰਵਾਉਂਣੀ ਮੁਸਕਲ ਹੈ। ਉਸ ਨੇ ਦੋਸ਼ ਲਾਇਆ ਕਿ ਹੋਰ ਅਧਿਆਪਕ ਏਸੀ ਕਮਰਿਆਂ ’ਚ ਬੈਠਦੇ ਹਨ ਪ੍ਰੰਤੂ ਉਹ ਜਿਸ ਆਮ ਕਮਰੇ ਵਿਚ ਕਲਾਸ ਲਗਾਉਂਦੇ ਅਤੇ ਬੈਠਦੇ ਹਨ ਉਥੋ ਵੀ ਰੋਕਿਆ ਜਾ ਰਿਹਾ ਹੈ ਜਿਸਕਾਰਣ ਮਜਬੂਰ ਹੋ ਕੇ ਉਨ੍ਹਾਂ ਇਹ ਧਰਨਾ ਦਿਤਾ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ਼ ਕਥਿਤ ਧੱਕਾ ਅਤੇ ਬੇਇਨਸਾਫੀ ਹੁੰਦੀ ਰਹੀ, ਇਥੋ ਤੱਕ ਕਿ ਇਕ ਪਾਰਟ ਟਾਈਮ ਅਧਿਆਪਕਾਂ ਰਾਹੀ ਵੀ ਕਥਿਤ ਗਲਤ ਦੋਸ਼ ਲਗਾਉਂਣ ਦਾ ਯਤਨ ਕੀਤਾ ਜਿਸ ਬਾਰੇ ਵੀ ਉਨ੍ਹਾਂ ਉਚਅਧਿਕਾਰੀਆਂ ਦੇ ਮਾਮਲਾ ਧਿਆਨ ਵਿਚ ਲਿਆ ਕੇ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਥਿਤ ਪੱਖਪਾਤ ਤੋਂ ਦੁਖੀ ਹੋ ਕੇ ਉਹ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਨ੍ਹਾਂ ਉਚੇਰੀ ਸਿਖਿਆ ਵਿਭਾਗ ਤੋਂ ਇਨਸਾਫ਼ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਪ੍ਰਿੰਸੀਪਲ ਮੋਨਿਕਾ ਸਹਿਗਲ: ਇਸ ਸਬੰਧੀ ਜਦੋ ਕਾਲਜ ਪ੍ਰਿੰਸੀਪਲ ਮੋਨਿਕਾ ਸਹਿਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ਾਂ ਨੂੰ ਗਲਤ ਦਸਿਆ। ਉਨ੍ਹਾਂ ਕਿਹਾ ਕਿ ਕਾਲਜ ਵਿਚ ਉਨ੍ਹਾਂ ਦੇ ਕਮਰੇ, ਸਟਾਫ਼ ਰੂਮ ਅਤੇ ਐਨਐਸਐਸ ਰੂਮ ਵਿਚ ਏਸੀ ਹਨ ਹੋਰ ਕਮਰਿਆਂ ਵਿਚ ਨਹੀਂ ਹਨ। ਉਨ੍ਹਾਂ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਕਦੇ ਵੀ ਲੈਕਚਰ ਰੂਮ ਵਿਚ ਬੱਚਿਆਂ ਨੂੰ ਪੜ੍ਹਾਉਂਣ ਤੋਂ ਨਹੀਂ ਰੋਕਿਆ ਅਤੇ ਉਹ ਵੀ ਬਾਕੀ ਸਟਾਫ਼ ਮੈਬਰਾਂ ਵਾਂਗ ਏਸੀ ਵਾਲੇ ਸਟਾਫ਼ ਰੂਮ ਵਿਚ ਬੈਠ ਸਕਦੇ ਹਨ ਅਤੇ ਜਦੋ ਸਰਕਾਰ ਵਲੋਂ ਹੋਰ ਏਸੀ ਆਉਂਣਗੇ ਜਾਂ ਗਰਾਂਟ ਆਵੇਗੀ ਤਾਂ ਹੋਰ ਕਮਰਿਆਂ ਵਿਚ ਵੀ ਲਗਵਾ ਦਿਤੇ ਜਾਣਗੇ।
ਫ਼ੋਟੋ ਕੈਪਸਨ: ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜ੍ਹਾ ਅਤੇ ਵਿਦਿਆਰਥੀ ਧਰਨਾ ਦਿੰਦੇ ਹੋਏ।