
*ਪੰਜਾਬ ‘ਚ ਪੁਲੀਸ ਜੰਗਲ ਦਾ ਰਾਜ ਬਣਾ ਕੇ ਕਤਲ ਅਤੇ ਲੋਕਾਂ ਦੇ ਘਰ ਢਾਹ ਰਹੀ ਹੈ-ਮਾਨ*
*ਕਿਹਾ: ਕੇਦਰ ਦੀਆਂ ਏਜੰਸੀਆਂ ਵਲੋਂ ਵਿਦੇਸ਼ਾਂ ‘ਚ ਵੀ ਖੁਫ਼ੀਆਂ ਏਜੰਸੀਆਂ ਰਾਹੀ ਕਤਲ ਜਾਰੀ*
ਮਾਰਚ 20 (ਜਗਜੀਤ ਸਿੰਘ) ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੇਦਰ ਅਤੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆ ਦੋਸ਼ ਲਾਇਆ ਕਿ ਕੇਦਰ ਵਲੋਂ ਜਿਥੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਪੱਖੀ ਸਿੱਖਾਂ ਦੇ ਏਜੰਸੀਆਂ ਰਾਹੀ ਕਤਲ ਕਰਵਾਏ ਜਾ ਰਹੇ ਹਨ ਉਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਕੇਪੀਐਸ ਗਿੱਲ ਵਾਂਗ ਜੰਗਲ ਦਾ ਰਾਜ ਬਣਾ ਕੇ ਪੁਲੀਸ ਮੁਕਾਬਲਿਆਂ ਰਾਹੀ ਕਤਲ ਅਤੇ ਗੈਰਕਾਨੂੰਨੀ ਢੰਗ ਨਾਲ ਲੋਕਾਂ ਦੇ ਮਕਾਨ ਢਾਹੇ ਜਾ ਰਹੇ ਹਨ, ਇਥੋ ਤੱਕ ਕਿ ਨਾਮਵਰ ਗਾਇਕ ਸਿਧੂ ਮੂਸੇਵਾਲੀਆ ਦਾ ਕਤਲ ਵੀ ਕੇਦਰ ਦੀਆਂ ਏਜੰਸੀਆਂ ਦਾ ਹੀ ਹੱਥ ਹੈ। ਸ੍ਰੀ ਮਾਨ ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਕਾਨੂੰਨੀ ਕਾਰਵਾਈ ਦਾ ਹੱਕ ਹੈ ਪ੍ਰੰਤੂ ਸਰਕਾਰ ਨੇ ਉਨ੍ਹਾਂ ਨੂੰ ਲੋੜ ਤੋਂ ਵੱਧ ਅਧਿਕਾਰ ਦਿਤੇ ਹੋਏ ਹਨ ਜਿਸ ਦਾ ਸੰਤਾਪ ਲੋਕ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਹਨ ਕਿ ਪੂੁਲੀਸ, ਸਰਕਾਰ ਕਿਸੇ ਦਾ ਮਕਾਨ ਆਦਿ ਨਹੀਂ ਢਾਅ ਸਕਦੀ ਪ੍ਰੰਤੂ ਇਸ ਦੇ ਬਾਵਜੂਦ ਮੰਡੀ ਗੋਬਿੰਦਗੜ੍ਹ ਵਿਚ ਲੋਕਾਂ ਦੇ ਮਕਾਨ ਢਾਏ ਗਏ, ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਦੇ ਐਕਟਿੰਗ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ 10 ਮਾਰਚ ਨੂੰ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਮੰਗੀ ਤਾਂ ਉਨ੍ਹਾਂ ਮਕਾਨ ਢਾਹੁੱਣ ਵਾਲੇ ਜਿਲਾ ਪੁਲੀਸ ਮੁਖੀ ਨੂੰ ਹੀ ਜਾਂਚ ਦੇ ਦਿਤੀ। ਉਨ੍ਹਾਂ ਸੁਪਰੀਮ ਕੋਰਟ ਅਤੇ ਹਾਈਕੋਰਟ ਨੂੰ ਅਜਿਹੇ ਮਾਮਲਿਆਂ ਵਿਚ ਦਖਲ ਦੇਣ ਦੀ ਮੰਗ ਕੀਤੀ। ਉਨ੍ਹਾਂ ਵੱਖ-ਵੱਖ ਥਾਵਾਂ ‘ਤੇ ਹੋਏ ਗ੍ਰਨੇਡ ਹਮਲਿਆ ਦਾ ਜਿਕਰ ਕਰਦਿਆ ਕਿਹਾ ਕਿ ਸਰਕਾਰ ਅਤੇ ਪੁਲਿਸ ਸਾਜਿਸਕਰਤਾਵਾਂ ਨੂੰ ਸਾਹਮਣੇ ਲਿਆ ਕੇ ਅਮਲ ਕਰਨ ਦੀ ਥਾਂ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੰਗ ਕਰ ਰਹੀ ਹੈ। ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਅਤੇ ਬੁਲਡੋਜਰ ਨੀਤੀ ਅਧੀਨ ਢਾਹੇ ਜਾ ਰਹੇ ਘਰਾਂ ਲਈ ਜੁਮੇਵਾਰ ਪੁਲਿਸ ਅਧਿਕਾਰੀਆ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਪਟਿਆਲਾ ਵਿਚ ਕਰਨਲ ਪੁਸਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਦੀ ਨਿੰਦਾ ਕਰਦੇ ਹੋਏ ਪੁਲੀਸ ਵਲੋਂ ਪ੍ਰੀਵਾਰ ਤੇ ਸਮਝੌਤਾ ਕਰਨ ਲਈ ਦਬਾਅ ਪਾਉਂਣ ਦੇ ਦੋਸ਼ ਲਾਏ। ਉਨ੍ਹਾਂ ਜੁਮੇਵਾਰ ਅਧਿਕਾਰੀਆ ਨੂੰ ਬਰਖਾਸਤ ਅਤੇ ਕਾਨੂੰਨ ਅਨੁਸਾਰ ਸਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਖਾਲਿਸਤਾਨੀ ਪੱਖੀ ਸਿੱਖਾਂ ਦੇ ਹੋਏ ਕਤਲਾਂ ਲਈ ਜੁਮੇਵਾਰ ਕੇਦਰ ਸਰਕਾਰ ਅਤੇ ਏਜੰਸੀਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਐਕਟਿੰਗ ਪ੍ਰਧਾਨ ਈਮਾਨ ਸਿੰਘ ਮਾਨ, ਮੁੱਖ ਬੁਲਾਰੇ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਪੀਏ ਉਪਿੰਦਰ ਪ੍ਰਤਾਪ ਸਿੰਘ, ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਕਲੌੜ੍ਹ, ਮੀਤ ਪ੍ਰਧਾਨ ਭੁਪਿੰਦਰ ਸਿੰਘ ਫਤਹਿ ਪੁਰ ਅਤੇ ਸਰਕਲ ਪ੍ਰਧਾਨ ਸਿਵਦੇਵ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਗਲਬਾਤ ਕਰਦੇ ਹੋਏ।