ਸੁੱਖੀ ਬੱਲ ਦਾ ਪਿੰਡ ਚਹਿਲ ਪਹੁੰਚਣ ‘ਤੇ ਭਰਵਾਂ ਸਵਾਗਤ, ਗੁਰੂਦੁਆਰਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ
ਭਾਦਸੋਂ, 25 ਅਪ੍ਰੈਲ (ਜਗਜੀਤ ਸਿੰਘ ਕੈਂਥ) – ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲਿਆਈ ਰੇਂਜ ਵਿੱਚ ਸਥਿਤ ਮਾਊਂਟ ਅਮਾ ਡਬਲਾਮ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਮਹਾਨ ਉਪਲਬਧੀ ਤੋਂ ਬਾਅਦ ਜਦੋਂ ਉਹ ਆਪਣੇ ਪਿੰਡ ਚਹਿਲ ਪਹੁੰਚੀ ਤਾਂ ਗੁਰੂਦੁਆਰਾ ਸ੍ਰੀ ਨਾਨਕ ਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖੀ ਬੱਲ ਨੇ ਦੱਸਿਆ ਕਿ ਉਹ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਅਤੇ ਦੇਸ਼ ਦੀ ਛੇਵੀਂ ਮਹਿਲਾ ਬਣੀ ਹੈ। 6812 ਮੀਟਰ (22350 ਫੁੱਟ) ਉੱਚੀ ਇਸ ਚੋਟੀ ਨੂੰ ਉਸਨੇ 15 ਅਪ੍ਰੈਲ 2026 ਨੂੰ ਫਤਿਹ ਕੀਤਾ। ਇਸ ਮੁਸ਼ਕਲ ਚੜ੍ਹਾਈ ਦੌਰਾਨ ਉਸਦੇ ਗਾਈਡ ਸਾਂਗੇ ਸ਼ੇਰਪਾ ਅਤੇ ਉਸਦੀ ਟੀਮ ਨੇ ਸਹਿਯੋਗ ਦਿੱਤਾ ਅਤੇ ਪੂਰੀ ਮੁਹਿੰਮ ਨੂੰ ਲਗਭਗ 21 ਦਿਨ ਲੱਗੇ।
ਸੁੱਖੀ ਬੱਲ ਨੇ ਕਿਹਾ ਕਿ ਜਦੋਂ ਉਹ ਚੋਟੀ ‘ਤੇ ਪਹੁੰਚੀ ਤਾਂ ਉਸਨੇ ਚਿੱਟੀ ਚੁੰਨੀ ਲਹਿਰਾ ਕੇ ਇਹ ਸੰਦੇਸ਼ ਦਿੱਤਾ ਕਿ ਇਹ ਉਸਦੇ ਪੰਜਾਬ ਅਤੇ ਪੰਜਾਬੀਅਤ ਦੀ ਨਿਸ਼ਾਨੀ ਹੈ। ਉਸਨੇ ਕਿਹਾ, “ਇਹ ਜਿੱਤ ਮੇਰੇ ਪੰਜਾਬ, ਮੇਰੀ ਮਿੱਟੀ ਅਤੇ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਹੈ। ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚੁੰਨੀ ਦੁਨੀਆ ਲਈ ਅਮਨ ਅਤੇ ਸਾਂਝ ਦਾ ਪ੍ਰਤੀਕ ਹੈ।”
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਹਿੰਦਰ ਸਿੰਘ, ਪ੍ਰਧਾਨ ਤੇਜਿੰਦਰ ਸਿੰਘ ਪੰਧੇਰ ਸਮੇਤ ਕਈ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੇ ਇਸ ਉਪਲਬਧੀ ‘ਤੇ ਮਾਣ ਪ੍ਰਗਟਾਇਆ।