ਦੋਰਾਹਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਨੇ ਮੁੜ ਕਾਂਗਰਸ ’ਚ ਕੀਤੀ ਵਾਪਸੀ
ਦੋਰਾਹਾ, 12 ਮਈ (ਅਮਿਤ ਬਾਂਸਲ) — ਦੋਰਾਹਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਬੰਤ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੱਖ-ਵੱਖ ਵਾਰਡਾਂ ਲਈ ਉਮੀਦਵਾਰਾਂ ਦੇ ਨਾਮ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਬਣਾਈ ਗਈ ਕੋਰ ਕਮੇਟੀ ਅਤੇ ਸਕਰੀਨਿੰਗ ਕਮੇਟੀ ਨੇ ਆਮ ਲੋਕਾਂ, ਪਾਰਟੀ ਵਰਕਰਾਂ ਅਤੇ ਵੱਖ-ਵੱਖ ਵਰਗਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਇਹ ਫੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਮਾਨਦਾਰ, ਨਿਰਪੱਖ ਅਤੇ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤਾਂ ਜੋ ਸ਼ਹਿਰ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਸਕੇ।
ਉਨ੍ਹਾਂ ਕਿਹਾ ਕਿ 13 ਤੋਂ 16 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ ਕਾਂਗਰਸ ਪਾਰਟੀ ਵੱਲੋਂ ਕੱਲ੍ਹ ਤੋਂ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਰ ਉਮੀਦਵਾਰ ਦੀ ਵਿਨੇਬਿਲਟੀ, ਲੋਕਾਂ ਨਾਲ ਜੁੜਾਅ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਟਿਕਟਾਂ ਦਿੱਤੀਆਂ ਹਨ।
ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ
ਵਾਰਡ ਨੰਬਰ 1 – ਤਮੰਨਾ ਮਲਹੋਤਰਾ
ਵਾਰਡ ਨੰਬਰ 2 – ਬੰਤ ਸਿੰਘ
ਵਾਰਡ ਨੰਬਰ 5 – ਸਰੋਜ ਰਾਣੀ
ਵਾਰਡ ਨੰਬਰ 7 – ਰਣਜੀਤ ਕੌਰ
ਵਾਰਡ ਨੰਬਰ 8 – ਮਨਦੀਪ ਸਿੰਘ ਮਾਂਗਟ
ਵਾਰਡ ਨੰਬਰ 9 – ਕਿਰਨਜੋਤ ਕੌਰ ਮਾਂਗਟ
ਵਾਰਡ ਨੰਬਰ 10 – ਗੁਰਪ੍ਰੀਤ ਸਿੰਘ
ਵਾਰਡ ਨੰਬਰ 11 – ਕੁਲਵੰਤ ਸਿੰਘ
ਵਾਰਡ ਨੰਬਰ 12 – ਛਿੰਦਰਪਾਲ ਕੌਰ
ਵਾਰਡ ਨੰਬਰ 13 – ਇੰਦਰਜੀਤ ਸਿੰਘ
ਵਾਰਡ ਨੰਬਰ 14 – ਰਣਵੀਰ ਸਿੰਘ
ਵਾਰਡ ਨੰਬਰ 15 – ਗੁਰਮੀਤ ਕੌਰ
ਜਦਕਿ ਵਾਰਡ ਨੰਬਰ 3, 4 ਅਤੇ 6 ਦੇ ਉਮੀਦਵਾਰਾਂ ਦੇ ਨਾਮ ਹਾਲੇ ਪੈਂਡਿੰਗ ਰੱਖੇ ਗਏ ਹਨ।
ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਲੱਖਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਅਤੇ ਲੋਕ ਆਪਣੇ ਘਰਾਂ ਅਤੇ ਕਾਰੋਬਾਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਵਿੱਚ ਮੁੜ ਅਮਨ-ਸ਼ਾਂਤੀ ਅਤੇ ਵਿਕਾਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਰਾਹਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਹਮੇਸ਼ਾਂ ਮਜ਼ਬੂਤ ਰਹੀ ਹੈ ਅਤੇ ਇਸ ਵਾਰ ਵੀ ਪਾਰਟੀ ਪੂਰੀ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ।
ਇਸ ਮੌਕੇ ਖਾਸ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਨੇ ਮੁੜ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈ। ਇਸ ਨੂੰ ਕਾਂਗਰਸ ਲਈ ਇੱਕ ਵੱਡੀ ਸਿਆਸੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।
ਸਾਬਕਾ ਵਿਧਾਇਕ ਲੱਖਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਅਤੇ ਵਿਰੋਧੀਆਂ ਨੂੰ ਮਾਤ ਦੇਣ ਲਈ ਦਿਨ-ਰਾਤ ਮਿਹਨਤ ਕਰਨ।
ਇਸ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਡਾ. ਜਗਨੰਦਨ ਆਨੰਦ, ਸੁਰਿੰਦਰ ਪਾਲ ਸੂਦ, ਸ ਬੰਤ ਸਿੰਘ ਦੁਬਰਜੀ, ਰਾਜਵੀਰ ਸਿੰਘ ਰੂਬਲ, ਮਨਦੀਪ ਸਿੰਘ ਮਾਂਗਟ, ਵਨੀਤ ਆਸ਼ਟ, ਰਜਿੰਦਰ ਗਹੀਰ, ਨਵਜੀਤ ਸਿੰਘ ਨੈਬਾ, ਕੁਲਵੰਤ ਸਿੰਘ, ਹਰਿੰਦਰ ਹਿੰਦਾ, ਅਨੀਸ਼ ਭਨੋਟ, ਗੁਰਪ੍ਰੀਤ ਸਿੰਘ ਮਕਸੂਦੜਾ, ਇੰਦਰਜੀਤ ਸਿੰਘ ਸੋਨੀ ਸ਼ਾਲੂ ਬਾਬਾ, ਗੁਰਬਚਨ ਸਿੰਘ ਕਾਲਾ, ਨਛੱਤਰ ਸਿੰਘ, ਪਵਨ ਕੁਮਾਰ ਬਲਾਲਾ, ਨਿਰਦੋਸ਼ ਨੋਸ਼ਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਰਹੇ।