ਨਗਰ ਨਿਗਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇ: ਸੁਨੀਲ ਮੋਦਗਿਲ
ਲੁਧਿਆਣਾ 28 ਅਕਤੂਬਰ(ਅਮਿਤ ਬਾਂਸਲ ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੁਨੀਲ ਮੋਦਗਿਲ ਨੇ ਸਮੂਹ ਭਾਜਪਾ ਕੌਂਸਲਰਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਫ਼ਾਈ ਕਰਮਚਾਰੀਆਂ, ਬੇਲਦਾਰਾਂ ਅਤੇ ਸੀਵਰਮੈਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਨਾਲ-ਨਾਲ ਮਕੈਨੀਕਲ ਸਵੀਪਿੰਗ ਟੈਂਡਰ ਦੀ ਨਿਰਪੱਖ ਸਮੀਖਿਆ ਕਰਨ ਦੀ ਮੰਗ ਕੀਤੀ ਹੈ।
ਸੁਨੀਲ ਮੋਦਗਿਲ ਨੇ ਕਿਹਾ ਕਿ ਨਗਰ ਨਿਗਮ ਵਿੱਚ ਕੰਮ ਕਰ ਰਹੇ ਲਗਭਗ 1,208 ਸਫ਼ਾਈ ਕਰਮਚਾਰੀਆਂ ਸਮੇਤ ਆਊਟਸੋਰਸਿੰਗ ਅਤੇ ਅਸਥਾਈ ਆਧਾਰ ’ਤੇ ਰੱਖੇ ਗਏ ਬੇਲਦਾਰਾਂ, ਸੀਵਰਮੈਨਾਂ ਅਤੇ ਹੋਰ ਕਰਮਚਾਰੀਆਂ ਦੀ ਜ਼ਮੀਨੀ ਪੱਧਰ ’ਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ। ਹਰੇਕ ਕਰਮਚਾਰੀ ਕਿਸ ਵਾਰਡ ਅਤੇ ਕਿਸ ਬੀਟ ਵਿੱਚ ਡਿਊਟੀ ਨਿਭਾ ਰਿਹਾ ਹੈ, ਇਸ ਦੀ ਵਾਰਡਵਾਰ ਸੂਚੀ ਤਿਆਰ ਕਰਕੇ ਸਬੰਧਤ ਕੌਂਸਲਰਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਨਿਯੁਕਤੀ ਅਤੇ ਡਿਊਟੀ ਨਾਲ ਸਬੰਧਤ ਰਿਕਾਰਡ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਅਸਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਹੀ ਸਹੀ ਰਿਕਾਰਡ ਦਰਜ ਹੋਵੇ।
ਉਨ੍ਹਾਂ ਲਗਭਗ 82.5 ਕਰੋੜ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਨਗਰ ਨਿਗਮ ਦੀਆਂ ਸੜਕਾਂ ਦੀ ਸਫ਼ਾਈ ਅਤੇ ਧੁਲਾਈ ਨਾਲ ਸਬੰਧਤ ਇਸ ਟੈਂਡਰ ਦੀ ਲਾਗਤ, ਸ਼ਰਤਾਂ, ਲੋੜ ਅਤੇ ਪੂਰੀ ਪ੍ਰਕਿਰਿਆ ਦੀ ਨਿਰਪੱਖ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਟੈਂਡਰ ਸਬੰਧੀ ਅਗਲੀ ਕਾਰਵਾਈ ਰੋਕੀ ਜਾਵੇ ਅਤੇ ਨਿਯਮਾਂ ਅਨੁਸਾਰ ਇਸ ਨੂੰ ਰੱਦ ਕਰਨ ’ਤੇ ਵਿਚਾਰ ਕੀਤਾ ਜਾਵੇ।
ਸੁਨੀਲ ਮੋਦਗਿਲ ਨੇ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਰਕਾਰੀ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਸਬੰਧੀ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਵੱਲੋਂ ਲੁਧਿਆਣਾ ਨਗਰ ਨਿਗਮ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਭਾਜਪਾ ਕੌਂਸਲਰ ਦਲ ਦੇ ਉਪ ਨੇਤਾ ਰੋਹਿਤ ਸਿੱਕਾ ਵੀ ਮੌਜੂਦ ਸਨ।

