ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਨ.ਸੀ.ਡੀ ਸਕਰੀਨਿੰਗ ਪ੍ਰੋਗਰਾਮ ਕੀਤਾ ਲਾਂਚ
ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਸਿਹਤ ‘ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਅੰਦਰ ਸਿਹਤ ਵਿਭਾਗ ਵੱਲੋਂ ‘ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ਼’ ਤਹਿਤ 31 ਮਾਰਚ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੀ ਰਸ਼ਮੀ ਸ਼ੁਰੂਆਤ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਆਯੁਸ਼ਮਾਨ ਅਰੋਗਿਆ ਮੰਦਰ ਤਰਖਾਣ ਮਾਜਰਾ ਤੋਂ ਰੀਬਨ ਕੱਟ ਕੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਿਲੇ੍ਹ ਦੇ 30 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਦਿਲ, ਸ਼ੂਗਰ, ਸਟਰੋਕ, ਬਲੱਡ ਪ੍ਰੈਸ਼ਰ ਅਤੇ ਕੈਂਸਰ, ਆਦਿ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਸਕਰੀਨਿੰਗ, ਉਸਦੇ ਭਾਰ ‘ਤੇ ਹਾਈਟ ਮਾਪਣ ਆਦਿ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਵਿਸ਼ੇਸ਼ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ ਅਤੇ ਗੈਰ ਸੰਚਾਰੀ ਬਿਮਾਰੀਆਂ ਤੋਂ ਪੀੜ੍ਹਤਾ ਦਾ ਕਾਰਡ ਬਣਾ ਕੇ ਤੁਰੰਤ ਮੁਫਤ ਇਲਾਜ ਸ਼ੁਰੂ ਕੀਤਾ ਜਾਵੇਗਾ ਅਤੇ ਉਨਾਂ ਦਾ ਕਾਰਡ/ਡਾਟਾ ਪੋਰਟਲ ‘ਤੇ ਵੀ ਅਪਲੋਡ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਲੋੜਵੰਦਾ ਨੂੰ ਉਚੇਰੀਆਂ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਰੈਫਰ ਵੀ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦਾ ਸਹੀ ਸਮੇਂ ‘ਤੇ ਸਹੀ ਇਲਾਜ ਕਰਵਾਇਆ ਜਾ ਸਕੇ। ਪ੍ਰੋਗਰਾਮ ਦੇ ਨੋਡਲ ਅਫਸਰ ਕਮ ਜਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਵਿੱਚ ਵਿਜਿਟ ਕਰਕੇ 30 ਸਾਲ ਤੋਂ ਉੱਪਰ ਦੇ ਸ਼ੱਕੀ ਮਰੀਜ਼ਾਂ ਨੂੰ ਸਿਹਤ ਕੇਂਦਰਾਂ ਵਿੱਚ ਰੈਫਰ ਕਰਕੇ ਉਨ੍ਹਾਂ ਦਾ ਇਲਾਜ਼ ਕਰਵਾਉਂਣ ਵਿੱਚ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਸ ਦਾ ਲਾਭ ਲੈਣ ਦਾ ਸੱਦਾ ਦਿਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸੀ.ਐਚ.ਓ ਸਤਨਾਮ ਕੌਰ, ਏਐਨਐਮ ਬੇਅੰਤ ਕੌਰ ਅਤੇ ਸਿਹਤ ਕਰਮਚਾਰੀ ਰਣਜੋਧ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੁਹਿੰਮ ਦਾ ਉਦਘਾਟਨ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।
ਫੋਟੋ ਕੈਪਸ਼ਨ: ਸਕਰੀਨਿੰਗ ਅਤੇ ਡਾਟਾ ਅਪਲੋਡ ਕਰਵਾਉਂਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ।