ਅਮਲੋਹ ‘ਚ ਮੰਦਰ ਦੇ ਨਵ-ਨਿਰਮਾਣ ਲਈ ਹੈਪੀ ਠੇਕੇਦਾਰ ਨੇ ਜ਼ਮੀਨ ਕੀਤੀ ਦਾਨ, ਰਾਕੇਸ਼ ਗਰਗ ਨੇ ਦਿੱਤਾ ਇੱਕ ਲੱਖ ਰੁਪਏ ਦਾ ਸਹਿਯੋਗ
ਅਮਲੋਹ (ਅਜੈ ਕੁਮਾਰ)
ਸਾਵਣ ਮਹੀਨੇ ਦੇ ਪਹਿਲੇ ਦਿਨ ਅਮਲੋਹ ਸ਼ਹਿਰ ਦੇ ਵਾਰਡ ਨੰਬਰ 5 ਅਤੇ 6 ਵਿੱਚ ਸਥਿਤ ਬਾਬਾ ਬਲਰਾਮ ਦਾਸ ਜੀ ਦੀ ਕੁੱਟੀਆ ਵਿਖੇ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਮਾਜਸੇਵੀ ਜਗਜੀਵਨ ਰਾਮ “ਹੈਪੀ” ਠੇਕੇਦਾਰ ਨੇ ਮੰਦਰ ਦੇ ਨਵ-ਨਿਰਮਾਣ ਲਈ ਆਪਣੀ ਮੰਦਰ ਨਾਲ ਲੱਗਦੀ 6×35 ਫੁੱਟ (210 ਵਰਗ ਫੁੱਟ) ਜ਼ਮੀਨ ਦਾਨ ਕਰਨ ਦਾ ਐਲਾਨ ਕੀਤਾ।
ਇਹ ਐਲਾਨ ਸ਼੍ਰੀ ਸ਼ਿਵ ਪੁਰਾਣ ਕਥਾ ਦੇ ਸ਼ੁਭ ਆਰੰਭ ਮੌਕੇ ਵਿਆਸ ਗੱਦੀ ‘ਤੇ ਬਿਰਾਜਮਾਨ ਪੰਡਿਤ ਦੀਪਕ ਭੱਟ ਜੀ ਅਤੇ ਹਾਜ਼ਰ ਸੰਗਤ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜਗਜੀਵਨ ਰਾਮ ਹੈਪੀ ਨੇ ਇਹ ਦਾਨ ਆਪਣੇ ਦਾਦਾ ਬੀਰੂ ਮੱਲ ਠੇਕੇਦਾਰ ਦੀ ਯਾਦ ਨੂੰ ਸਮਰਪਿਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਦੀਪਾਸ਼ੂ ਗਰਗ, ਅਸ਼ਵਨੀ ਗੋਇਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਸੁਨੀਲ ਕੁਮਾਰ ਸ਼ਰਮਾ ਅਤੇ ਸਮਾਜਸੇਵੀ ਮੁਨੀਸ਼ ਕੁਮਾਰ ਗੋਇਲ ਵੀ ਮੌਜੂਦ ਸਨ।ਮੰਦਰ ਦੇ ਪੁਜਾਰੀ ਪੰਡਿਤ ਦੀਪਕ ਭੱਟ ਨੇ ਦੱਸਿਆ ਕਿ ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਨੇ ਵੀ ਮੰਦਰ ਦੇ ਨਵ-ਨਿਰਮਾਣ ਲਈ ਆਪਣੇ ਵੱਲੋਂ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਇਲਾਕੇ ਦੀ ਸੰਗਤ ਵੱਲੋਂ ਮੰਦਰ ਦੇ ਨਵ-ਨਿਰਮਾਣ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਮੰਦਰ ਦੇ ਨਵੇਂ ਭਵਨ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਹੁੰਦੇ ਹੀ ਮੌਕੇ ‘ਤੇ ਮੌਜੂਦ ਸੰਗਤ ਨੇ ਦਾਨੀਆਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਧਾਰਮਿਕ ਕਾਰਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਪ੍ਰੇਰਣਾਦਾਇਕ ਕਰਾਰ ਦਿੱਤਾ।