ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਸ਼ਹੀਦੀ ਸਭਾ-2024 ਦੌਰਾਨ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਸ਼ਲਾਘਾਯੋਗ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਰਜਿ.) ਸਰਹਿੰਦ-ਫ਼ਤਹਿਗੜ੍ਹ ਸਾਹਿਬ ਵੱਲੋਂ ਸਰਹਿੰਦ ਵਿਖੇ ਰੱਖੇ ਇੱਕ ਸਾਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਮਾਜ ਦਾ ਅਨਮੋਲ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦੇਣਾ ਸਾਡਾ ਮੁਢਲਾ ਫਰਜ਼ ਹੈ ਅਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਸੀਨੀਅਰ ਸਿਟੀਜ਼ਨਾਂ ਨੇ ਆਪਣੀ ਜਿੰਦਗੀ ਦੇ ਹਰੇਕ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਸੀਨੀਅਰ ਸਿਟੀਜਨਾਂ ਦੇ ਕੰਮਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਸੀਨੀਅਰ ਸਿਟੀਜ਼ਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਉਨ੍ਹਾਂ ਇਹ ਮਹਿਸੂਸ ਕੀਤਾ ਹੈ ਕਿ ਇਸ ਧਰਤੀ ਨੂੰ ਗੁਰੂਆਂ, ਪੀਰਾਂ ਦਾ ਆਸ਼ੀਰਵਾਦ ਹਾਸਲ ਹੈ ਅਤੇ ਇਥੇ ਰਹਿ ਕੇ ਆਪਣੀ ਡਿਊਟੀ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਿਭਾਉਣੀ ਸ਼ਹੀਦਾਂ ਦੇ ਆਸ਼ੀਰਵਾਦ ਸਦਕਾ ਹੀ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮੌਕੇ ਸੀਨੀਅਰ ਸਿਟੀਜ਼ਨ ਅਨਿਲ ਅੱਤਰੀ ਵੱਲੋਂ ਤਿਆਰ ਕੀਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦਾ ਚਿੱਤਰ ਵੀ ਜਾਰੀ ਕੀਤਾ। ਸੀਨੀਅਰ ਸਿਟੀਜਨਾਂ ਨੇ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੀਨੀਅਰ ਸਿਟੀਜ਼ਨ ਤਰਸੇਮ ਖੁੱਲਰ ਤੇ ਸੱਤਪਾਲ ਪੁਰੀ ਨੇ ਗੀਤ ਵੀ ਪੇਸ਼ ਕੀਤੇ। ਇਸ ਮੌਕੇ ਐਸ.ਪੀ. (ਡੀ) ਰਾਕੇਸ਼ ਯਾਦਵ, ਜ਼ਿਲ੍ਹਾ ਲੋਕ ਸੰਪਰਕ ਅਫਸਰ ਰਾਜ ਕੁਮਾਰ, ਸੰਸਥਾ ਦੇ ਪ੍ਰਧਾਨ ਆਰਐਨ ਸ਼ਰਮਾ, ਬਸੀ ਪਠਾਣਾ ਦੇ ਪ੍ਰਧਾਨ ਐਮਐਲ ਵਰਮਾ, ਪ੍ਰੋ: ਅਸੋਕ ਸੂਦ, ਸੁਰਿੰਦਰ ਭਾਰਦਵਾਜ ਅਤੇ ਸੰਸਥਾ ਦੇ ਸਕੱਤਰ ਨਕੇਸ਼ ਜਿੰਦਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਅਤੇ ਜਿਲਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਚਿਤਰ ਜਾਰੀ ਕਰਦੇ ਹੋਏ।