ਸਕੀਮ ਤਹਿਤ 1066 ਮਰੀਜ਼ਾਂ ਦਾ ਕਰਵਾਇਆ ਇਲਾਜ :- ਸਿਵਲ ਸਰਜਨ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਿਹਤ ‘ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲਾ ਸਿਹਤ ਵਿਭਾਗ ਵੱਲੋਂ ‘ਅੰਤਰਰਾਸ਼ਟਰੀ ਕੈਂਸਰ ਬਾਲ ਦਿਵਸ’ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੇ ਕਿਹਾ ਕਿ ‘ਕੌਮਾਂਤਰੀ ਬਾਲ ਕੈਂਸਰ ਦਿਵਸ’ ਹਰ ਸਾਲ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਕੈਂਸਰ ਦੀ ਬਿਮਾਰੀ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਕਿ ਸਮੇਂ ਸਿਰ ਇਸ ਦਾ ਪਤਾ ਲਗਾ ਕੇ ਉਚਿਤ ਇਲਾਜ ਹੋ ਸਕੇ ਕਿਉਂਕਿ ਕੈਂਸਰ ਭਾਵੇਂ ਇੱਕ ਖਤਰਨਾਕ ਬਿਮਾਰੀ ਹੈ ਪਰ ਸਮੇਂ ਸਿਰ ਇਸ ਦਾ ਪਤਾ ਲੱਗਣ ਤੇ ਇਸਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੰਤਵ ਜਿਹੜੇ ਬੱਚੇ ਕੈਂਸਰ ਦੀ ਬਿਮਾਰੀ ਦੇ ਪ੍ਰਭਾਵਾਂ ਦਾ ਅਨੁਭਵ ਕਰ ਰਹੇ ਹਨ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਹਿੰਮਤ ਤੇ ਹੌਸਲਾ ਵਧਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਵੱਲੋਂ ‘ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ’ ਤਹਿਤ ਪੰਜਾਬ ਰਾਜ ਦੇ ਵਸਨੀਕਾਂ ਨੂੰ ਡੇਢ ਲੱਖ ਰੁਪਏ ਤੱਕ ਦਾ ਨਕਦੀ ਰਹਿਤ ਮੁਫਤ ਇਲਾਜ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਿਲੇ ਅੰਦਰ ਹੁਣ ਤੱਕ 1066 ਮਰੀਜ਼ਾਂ ਦਾ ਇਲਾਜ 11 ਕਰੋੜ 52 ਲੱਖ 92 ਹਜਾਰ 306 ਰੁਪਏ ਖਰਚ ਕੇ ਕਰਵਾਇਆ ਜਾ ਚੁੱਕਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਨੇ ਕੈਂਸਰ ਦੇ ਚਿੰਨ ਤੇ ਨਿਸ਼ਾਨੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰੀਰ ਤੇ ਕਿਸੇ ਵੀ ਕਿਸਮ ਦੀ ਪੁਰਾਣੀ ਗੱਠ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਦੇ ਲੋੜੀਂਦੇ ਸਾਰੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਤਾਂ ਕਿ ਮੁਢਲੀ ਸਟੇਜ ਵਿੱਚ ਹੀ ਕੈਂਸਰ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਤੇ ਚਮੜੀ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਨਾਨ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ, ਅਵਤਾਰ ਸਿੰਘ ਅਤੇ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।*