
ਅਮਰੀਕਾ ਤੋਂ ਵਾਪਸ ਪਰਤੇ ਗੁਰਮੀਤ ਸਿੰਘ ਦੇ ਪ੍ਰੀਵਾਰ ਨੇ ਸਾਬਕਾ ਚੇਅਰਮੈਨ ਨੂੰ ਸੁਣਾਈ ਦਰਦਭਰੀ ਦਾਸਤਾਨ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਅਮਰੀਕਾ ਤੋਂ ਡਿਪੋਰਟ ਹੋ ਕੇ 45 ਦਿਨਾਂ ਬਾਅਦ ਪਰਤੇ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਗੁਰਮੀਤ ਸਿੰਘ ਨੇ ਆਪਣੀ ਹੱਡ ਬੀਤੀ ਦਾਸਤਾਂ ਦੱਸਦਿਆ ਕਿਹਾ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਜਦੋਕਿ ਉਨ੍ਹਾਂ ਉਸ ਨੂੰ ਹਵਾਈ ਜਹਾਜ਼ ਰਾਹੀਂ ਸਿੱਧਾ ਅਮਰੀਕਾ ਪਹੁੰਚਾਉਣ ਦੀ ਗੱਲ ਕੀਤੀ ਸੀ ਅਤੇ ਉਸ ਤੋਂ 25 ਲੱਖ ਰੁਪਏ ਪਹਿਲਾਂ ਲਏ ਸਨ। ਉਸ ਨੇ ਕਿਹਾ ਕਿ ਰਸਤੇ ਵਿੱਚ ਉਸ ਤੋ ਸ਼ਰੀਰਕ ਤੌਰ ‘ਤੇ ਕੁੱਟਮਾਰ, ਕਰੰਟ ਲਾ ਕੇ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਹੋਰ ਪੈਸੇ ਮੰਗਵਾਏ ਗਏ। ਇਸ ਮੌਕੇ ਗੁਰਮੀਤ ਸਿੰਘ ਅਤੇ ਉਸ ਦੇ ਪ੍ਰੀਵਾਰ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸੰਪਰਕ ਕਰਕੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਬਿਨਾਂ ਸੁਣਵਾਈ ਕਰੇ ਡਿਪੋਰਟ ਕਰ ਰਿਹਾ ਹੈ ਜਿਸ ਕਾਰਨ ਜਿਹੜੇ ਨੌਜਵਾਨ ਪਿਛਲੇ ਦਿਨਾਂ ਵਿੱਚ ਅਮਰੀਕਾ ਗਏ ਹਨ ਉਨ੍ਹਾਂ ਦੇ ਪਰਿਵਾਰ ਡੂੰਗੀ ਚਿੰਤਾ ਵਿੱਚ ਹਨ। ਸ: ਭੁੱਟਾ ਨੇ ਕਿਹਾ ਕਿ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਕਰੋੜਾਂ ਨੌਕਰੀਆਂ ਅਤੇ ਕਾਂਗਰਸ ਦੀ ਸਰਕਾਰ ਨੇ ਘਰ-ਘਰ ਨੌਕਰੀ ਦੇਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਹਰ ਨੌਜਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਪ੍ਰੰਤੂ ਸਾਰੇ ਵਾਅਦੇ ਖੋਖਲੇ ਨਿਕਲੇ। ਬੇਰੁਜ਼ਗਾਰ ਨੌਜਵਾਨ ਆਪਣੇ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਜਮੀਨਾਂ ਵੇਚ, ਗਹਿਣੇ ਜਾਂ ਉਧਾਰ ਪੈਸੇ ਲੈ ਕੇ ਦੂਜੇ ਮੁਲਕਾਂ ਵੱਲ ਨੂੰ ਰੁੱਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਵਾਪਸ ਆ ਰਹੇ ਹਨ ਉਨ੍ਹਾਂ ਨਾਲ ਧੋਖਾ ਧੜੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ ਤਾਂ ਕਿ ਡਿਪੋਰਟ ਹੋ ਕੇ ਪਰਤੇ ਰਹੇ ਨੌਜਵਾਨਾਂ ਨੂੰ ਕੋਈ ਸਹਾਰਾ ਮਿਲ ਸਕੇ। ਇਸ ਮੌਕੇ ਜਸਵੀਰ ਸਿੰਘ ਸਾਬਕਾ ਕੌਂਸਲਰ ਤਲਾਣੀਆਂ, ਸੁਰਜੀਤ ਸਿੰਘ ਤਲਾਣੀਆਂ, ਹਰਪ੍ਰੀਤ ਸਿੰਘ ਤਲਾਣੀਆਂ ਅਤੇ ਮਨਜੀਤ ਸਿੰਘ ਮਾਨ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਤਲਾਣੀਆਂ ‘ਚ ਗੁਰਮੀਤ ਸਿੰਘ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ।*