ਅਮਲੋਹ,( ਅਜੇ ਕੁਮਾਰ)
ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ ਸ੍ਰੀ ਰੋਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਭਾ ਦੀ ਸ਼ੁਰੂਆਤ ਕਰਦਿਆਂ ਸਤਿਗੁਰੂ ਰਾਮ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ। ਸੇਵਾ ਮੁਕਤ ਲੈਕਚਰਾਰ ਬੰਤ ਸਿੰਘ ਨੇ ਗੁਰੂ ਰਵਿਦਾਸ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਸ੍ਰੀ ਮਾਂਗੇ ਰਾਮ ਨੇ ਮਾਘ ਅਤੇ ਹੋਰ ਮਹੀਨਿਆਂ ਬਾਰੇ ਵਿਸ਼ੇਸ ਜਾਣਕਾਰੀ ਦਿਤੀ। ਉਨ੍ਹਾਂ ਸਰਕਾਰ ਵਲੋਂ ਡੀਏ ਦੀਆਂ ਕਿਸ਼ਤਾਂ ਨਾ ਦੇਣ ਦੀ ਨਿਖੇਧੀ ਕਰਦਿਆ ਵੱਧ ਰਹੀ ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ, ਨਸ਼ੇ ਅਤੇ ਸੜਕ ਹਾਦਸਿਆਂ ‘ਤੇ ਚਿੰਤਾ ਪ੍ਰਗਟ ਕਰਦਿਆ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ। ਸ੍ਰੀ ਹਾਕਮ ਰਾਏ ਨੇ ਦਿੱਲੀ ਵਿੱਚ ਹੋ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਨਤਾ ਨਾਲ ਕੀਤੇ ਜਾ ਰਹੇ ਵਾਅਦਿਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹੀ ਵਾਅਦੇ ਪੰਜਾਬੀਆਂ ਨਾਲ ਵੀ ਕੀਤੇ ਗਏ ਜੋ ਅਜੇ ਤੱਕ ਪੂਰੇ ਨਹੀਂ ਹੋਏ। ਇਸ ਮੌਕੇ ਖੰਨਾ ਤੋਂ ਡਾ ਸੈਫ਼ ਦੀ ਅਗਵਾਈ ਵਿੱਚ ਆਈ ਡਾਕਟਰਾਂ ਦੀ ਟੀਮ ਨੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿਤੀ। ਸ੍ਰੀ ਰੋਸ਼ਨ ਲਾਲ ਸੂਦ ਨੇ ਧੰਨਵਾਦ ਕਰਦਿਆ 7 ਫਰਵਰੀ ਨੂੰ ਜ਼ਿਲ੍ਹਾ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਲਾਏ ਜਾ ਰਹੇ ਸਾਂਝੇ ਧਰਨੇ ਵਿੱਚ ਪਹੁੰਚਣ ਅਤੇ 17 ਫਰਵਰੀ ਨੂੰ ਹਲਕਾ ਅਮਲੋਹ ਦੇ ਵਿਧਾਇਕ ਦੇ ਦਫ਼ਤਰ ਅੱਗੇ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ। ਸ੍ਰੀ ਅਮਰਜੀਤ ਗਰੇਵਾਲ ਨੇ ਚਾਈਨਾ ਡੋਰ ਦੇ ਨੁਕਸਾਨ ਬਾਰੇ ਬੋਲਦਿਆ ਮਾਪਿਆਂ ਨੂੰ ਆਪਣੇ ਬਚਿਆਂ ਨੂੰ ਇਸ ਪ੍ਰਤੀ ਸੁਚੇਤ ਕਰਨ ਦੀ ਅਪੀਲ ਕੀਤੀ ਅਤੇ ਦੁਕਾਨਦਾਰਾਂ ਨੂੰ ਇਸ ਨੂੰ ਨਾ ਵੇਚਣ ਦੀ ਅਪੀਲ ਕੀਤੀ। ਬਾਅਦ ਵਿਚ ਮਹੀਨਾਵਾਰ ਆਮਦਨ ਖਰਚ ਦਾ ਵੇਰਵਾ ਦਿਤਾ ਗਿਆ। ਸਰਪਰਸਤ ਰਾਮ ਸਰਨ ਸੂਦ ਨੇ ਆਏ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਮੱਘਰ ਸਿੰਘ ਸਲਾਣਾ, ਚਰਨਜੀਤ ਸਿੰਘ ਮਾਜਰੀ, ਪ੍ਰੇਮ ਚੰਦ, ਅਮਰਜੀਤ ਸਿੰਘ, ਦੇਵ ਰਾਜ, ਤਾਰਾ ਚੰਦ, ਰਾਕੇਸ਼ ਕੁਮਾਰ, ਜਤਿੰਦਰ ਪਾਲ, ਕੇਸਰ ਸਿੰਘ, ਜਗਦੀਸ਼ ਸਿੰਘ, ਰਾਮ ਸਰੂਪ, ਸੁਰਜੀਤ ਸਿੰਘ, ਕਰਨੈਲ ਸਿੰਘ ਅਕਾਲਗੜ੍ਹ, ਜ਼ੋਰਾ ਸਿੰਘ ਭਾਦਸੋਂ, ਵੀਰ ਸਿੰਘ, ਭੀਮ ਸਿੰਘ, ਮਨੋਹਰ ਲਾਲ ਵਰਮਾ, ਜੱਗਾ ਸਿੰਘ ਅਤੇ ਇੰਦਰਜੀਤ ਆਦਿ ਹਾਜ਼ਰ ਸਨ। ਬਾਅਦ ਵਿਚ ਡਾਕਟਰਾਂ ਦੀ ਟੀਮ ਨੇ ਸੀਨੀਅਰ ਸਿਟੀਜ਼ਨਜ਼ ਦਾ ਮੁਫ਼ਤ ਚੈਕਅੱਪ ਵੀ ਕੀਤਾ।
*ਫ਼ੋਟੋ ਕੈਪਸਨ: ਸਿਨੀਅਰਜ਼ ਸਿਟੀਜ਼ਨ ਮੀਟਿੰਗ ਉਪਰੰਤ ਸਾਂਝੀ ਤਸਵੀਰ ਕਰਵਾਉਂਦੇ ਹੋਏ।*