ਕਿਹਾ: ਐਡਵੋਕੇਟ ਧਾਮੀ ਖਿਲਾਫ਼ ਘਟੀਆ ਸਿਆਸਤ ਨਾ ਬਰਦਾਸਤਯੋਗ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਿੱਤਨੇਮੀ, ਸਮਰਪਿਤ, ਸੇਵਾ-ਭਾਵਨਾ ਅਤੇ ਨਿਮਰਤਾ ਵਾਲੇ ਆਗੂ ਹਨ ਅਤੇ ਉਨ੍ਹਾਂ ਦੀ ਸਿਆਸੀ ਭਾਵਨਾ ਤਹਿਤ ਕਿਰਦਾਰਕੁਸ਼ੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਾਂਗੇ। ਇਹ ਪ੍ਰਗਟਾਵਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਧੀਰ ਸਿੰਘ ਚੀਮਾ, ਬੱਸੀ ਪਠਾਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਅਮਲੋਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਇਕ ਗਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਕ ਕਥਿਤ ਆਡੀਓ ਕਲਿਪ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਿਰੁੱਧ ਘਟੀਆ ਕਿਸਮ ਦੀ ਰਾਜਨੀਤੀ ਕਰਨ ਵਾਲੇ ਲੋਕ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟੀ ਫ਼ੇਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਪੰਥ ਲਈ ਕੋਈ ਦੇਣ ਨਹੀ ਉਹ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਜ਼ਿੰਮੇਵਾਰ ਅਤੇ ਉੱਚੇ ਕਿਰਦਾਰ ਵਾਲੇ ਪੰਥਕ ਆਗੂ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਦਾ ਹੀ ਐਡਵੋਕੇਟ ਧਾਮੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਉਨ੍ਹਾਂ ਦੀ ਨਿਮਰਤਾ, ਸਹਿਣਸ਼ੀਲਤਾ ਅਤੇ ਪੰਥ ਪ੍ਰਤੀ ਸੱਚੀ ਸੁੱਚੀ ਭਾਵਨਾ ਨੂੰ ਦੁਨੀਆ ਜਾਣਦੀ ਹੈ। ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕੇਸ ਲੜਨ ਵਾਲੀ ਇਹ ਸ਼ਖਸ਼ੀਅਤ ਪੰਥ ਪ੍ਰਤੀ ਸਮਰਪਿਤ ਹੈ ਅਤੇ ਸੋਚੀ-ਸਮਝੀ ਸਾਜਿਸ਼ ਤਹਿਤ ਉਨ੍ਹਾਂ ਨੂੰ ਫੋਨ ਕਰਵਾ ਕੇ ਉਕਸਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਢਾਹ ਲਾਉਣ ਲਈ ਘਟੀਆ ਕਿਸਮ ਦਾ ਰਾਜਨੀਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੰਥ ਭਲੀ-ਭਾਂਤ ਸਮਝਦਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਫੋਨ ‘ਤੇ ਹੋਈ ਗੱਲਬਾਤ ਦੌਰਾਨ ਅਚੇਤ ਰੂਪ ਵਿਚ ਅਪਸ਼ਬਦਾਂ ਲਈ ਖਿਮਾ-ਜਾਚਨਾ ਕਰ ਚੁੱਕੇ ਹਨ ਪਰ ਤਕਨੀਕੀ ਯੁੱਗ ਵਿਚ ਕਿਸੇ ਨਾਲ ਫੋਨ ‘ਤੇ ਗੱਲਬਾਤ ਨੂੰ ਰਿਕਾਰਡ ਕਰਨਾ ਇਕ ਖਤਰਨਾਕ ਅਸੱਭਿਅਕ ਅਤੇ ਗੈਰ-ਕਾਨੂੰਨੀ ਰੁਝਾਨ ਹੈ ਇਸ ਬਾਰੇ ਵੀ ਸੰਵਿਧਾਨਿਕ ਸੰਸਥਾਵਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਹਰੇਕ ਦੇ ਨਿੱਜਤਾ ਦੇ ਅਧਿਕਾਰ ਨੂੰ ਬਹਾਲ ਰੱਖਿਆ ਜਾ ਸਕੇ। ਉਨ੍ਹਾਂ ਵਿਰੋਧੀਆਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਇਮਾਨਦਾਰ ਅਤੇ ਸਾਊ ਸ਼ਖ਼ਸੀਅਤ ਐਡਵੋਕੇਟ ਧਾਮੀ ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਿਆਸੀ ਬਿਆਨਬਾਜ਼ੀ ਤੁਰੰਤ ਬੰਦ ਕਰਨ ਨਹੀਂ ਤਾਂ ਹਰੇਕ ਦੂਸ਼ਣ ਦਾ ਜਵਾਬ ਉਨ੍ਹਾਂ ਨੂੰ ਦੇਣਾ ਚੰਗੀ ਤਰ੍ਹਾਂ ਆਉਂਦਾ ਹੈ।
ਪੱਤਰਕਾਰ ਅਜੇ ਕੁਮਾਰ ਅਮਲੋਹ ਇੰਡੀਅਨ ਟੀਵੀ ਨਿਊਜ਼