ਸਿਹਤ ਵਿਭਾਗ ਨੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਮੈਜਿਕ ਸ਼ੋਅ ਕਰਵਾਇਆ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਡਾਇਰੈਕਟਰ ਸਿਹਤ ‘ਤੇ ਪਰਿਵਾਰ ਭਲਾਈ ਵਿਭਾਗ ਡਾ. ਹਿਤਿੰਦਰ ਕੌਰ ਅਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਲੈਪਰੋਸੀ ਅਫਸਰ-ਕਮ ਚਮੜੀ ਦੇ ਮਾਹਰ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਕੁਸ਼ਟ ਜਾਗਰੂਕਤਾ ਮੁਹਿੰਮ ਤਹਿਤ ਬ੍ਰਾਹਮਣ ਮਾਜਰਾ, ਮਦਰਾਸੀ ਕਲੋਨੀ ਸਰਹਿੰਦ ਵਿਖੇ ਕੁਸ਼ਟ ਰੋਗ ਜਾਗਰੂਕਤਾ ਮੈਜਿਕ ਸ਼ੋਅ ਕਰਵਾਇਆ ਗਿਆ। ਸੂਬਾ ਪੱਧਰ ਤੋਂ ਸਿਹਤ ਵਿਭਾਗ ਵੱਲੋਂ ਭੇਜੇ ਗਏ ਜਗਦੇਵ ਅਲਾਰਮ ਜਾਦੂਗਰ ਅਤੇ ਉਸ ਦੀ ਟੀਮ ਵੱਲੋਂ ਆਪਣੇ ਜਾਦੂਈ ਟਰਿੱਕਾਂ ਰਾਹੀਂ ਦਰਸਾਇਆ ਗਿਆ ਕਿ ਕੁਸਟ ਰੋਗ ਇੱਕ ਜੀਵਾਣੂ ਦੇ ਕਾਰਨ ਹੁੰਦਾ ਹੈ, ਇਹ ਕਿਸੇ ਪੀੜਿਤ ਵਿਅਕਤੀ ਨਾਲ ਹੱਥ ਮਿਲਾਉਣ, ਉਸ ਨੂੰ ਛੂਹਣ, ਉਸ ਨਾਲ ਖੇਡਣ ਨਾਲ ਨਹੀਂ ਫੈਲਦਾ। ਉਨ੍ਹਾਂ ਇਕੱਤਰ ਲੋਕਾਂ ਨੂੰ ਜਾਦੂ ਦੇ ਟਰਿੱਕਾਂ ਦੁਆਰਾ ਜਾਗਰੂਕ ਕਰਦਿਆਂ ਕਿਹਾ ਕਿ ਚਮੜੀ ਤੇ ਦਰਦ ਰਹਿਤ ਸੁੰਨ ਧੱਬਾ, ਗਰਮ ਜਾਂ ਠੰਡੇ ਦਾ ਪਤਾ ਨਾ ਲੱਗਣਾ ਆਦਿ ਇਸ ਦੀਆਂ ਨਿਸ਼ਾਨੀਆਂ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ 6 ਜਾਂ 12 ਮਹੀਨੇ ਲਈ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਜਾਦੂ ਟਰਿੱਕ ਦਿਖਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ। ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਕੁਸਟ ਰੋਗ ਕੋਈ ਕੁਦਰਤੀ ਕਰੋਪੀ ਜਾਂ ਸ਼ਰਾਪ ਨਹੀਂ ਹੈ ਅਤੇ ਨਾ ਹੀ ਇਹ ਕੋਈ ਖਾਨਦਾਨੀ ਬਿਮਾਰੀ ਹੈ ਜੋ ਪੀੜੀ ਦਰ ਪੀੜੀ ਚਲਦੀ ਹੋਵੇ, ਇਹ ਸਿਰਫ ਇੱਕ ਜੀਵਾਣੂ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ ਜੋ ਇਲਾਜ ਯੋਗ ਹੈ। ਇਸ ਪ੍ਰਤੀ ਜਾਗਰੂਕ ਹੋ ਕੇ ਸਮੇਂ ਸਿਰ ਇਸਦਾ ਪਤਾ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਨਾਨ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ , ਆਸ਼ਾ ਵਰਕਰ ਮਨਪ੍ਰੀਤ ਕੌਰ, ਰਾਜਿੰਦਰ ਕੌਰ ਅਤੇ ਭਗਵੰਤ ਕੌਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਕੁਸਟ ਰੋਗ ਪ੍ਰਤੀ ਜਾਗਰੂਕਤਾ ਮੁਹਿੰਮ ਦਾ ਦ੍ਰਿਸ਼।
ਫੋਟੋ ਕੈਪਸ਼ਨ: ਕੁਸ਼ਟ ਰੋਗ ਜਾਗਰੂਕਤਾ ਮੈਜਿਕ ਸ਼ੋਅ ਕਰਦਾ ਹੋਇਆ ਜਗਦੇਵ ਅਲਾਰਮ।