ਪੰਜਾਬ ਸਿੱਖਾ ਦਾ ਹੋਮਲੈਡ,ਹਰ ਪੰਜਾਬੀ ਨੂੰ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ:— ਜਥੇਦਾਰ ਕੁਲਦੀਪ ਸਿੰਘ ਗੜਗੱਜ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਦੇ ਘਰ ਪੁੱਜੇ।
ਮੰਡੀਗੌਬਿੰਦਗੜ(ਅਜੇ ਕੁਮਾਰ)
ਪੰਜਾਬ ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿਸ ਨੂੰ ਸਿੱਖਾ ਦਾ ਹੋਮਲੈਡ ਕਿਹਾ ਜਾਂਦਾ ਹੈ। ਤੇ ਹਰ ਪੰਜਾਬੀ ਨੂੰ ਸੂਬੇ ਦੀ ਗੱਲ ਕਰਦੇ ਹੋਏ ਅਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ ਹੈ।ਇਸ ਗੱਲ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਹਲਕਾ ਅਮਲੋਹ ਦੇ ਪਿੰਡ ਤਲਵਾੜਾ ਵਿਖੇ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਦੇ ਗ੍ਰਹਿ ਵਿਖੇ ਮਿਲਣੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਕਿਉਂ ਕਿ ਪੂਰੀ ਦੁਨੀਆ ਵਿੱਚ ਸਿੱਖਾ ਦੀ ਵੱਖਰੀ ਪਹਿਚਾਣ ਹੈ। ਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੱਗੜੀ ਦਾ ਸਤਿਕਾਰ ਹੀ ਨਹੀਂ ਸਗੋਂ ਪੱਗੜੀ ਧਾਰੀ ਸਿੱਖ ਨੂੰ ਵੱਡਾ ਮਾਣ ਸਤਿਕਾਰ ਵੀ ਦਿੱਤਾ ਜਾਂਦਾ ਹੈ। ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਹਰ ਇੱਕ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਹੋਏ ਜਿਥੇ ਸਿੱਖੀ ਸਰੂਪ ਦਾ ਧਾਰਨੀ ਬਣਨਾ ਚਾਹੀਦਾ ਹੈ। ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਵੱਡੇ ਉੱਦਮ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇੱਕ ਮੁਹਿੰਮ ਤਹਿਤ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ਼ ਕੀਤੇ ਜਾ ਰਹੇ। ਜਿਸ ਲਈ ਸੰਗਤਾਂ ਦੇ ਵਧੇਰੇ ਸਹਿਯੋਗ ਦੀ ਲੋੜ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਪਾਨ ਕਰਕੇ ਸਿੱਖੀ ਨਾਲ ਜੁੜਨ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਹਿਰ ਖੜੀ ਕਰਨ। ਜਥੇਦਾਰ ਗੜਗੱਜ ਨੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਕੇਸਾਧਾਰੀ ਬਣਾ ਕਿ ਦਸਤਾਰਾ ਸਜਾਉਣ। ਇਸ ਮੌਕੇ ਤੇ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਦੇ ਸਮੁੱਚੇ ਪਰਿਵਾਰ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ 51 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ,ਸਰਕਲ ਪ੍ਰਧਾਨ ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਹਲਕਾ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ, ਹਰਵਿੰਦਰ ਸਿੰਘ ਤਲਵਾੜਾ, ਕੁਲਵਿੰਦਰ ਸਿੰਘ ਤਲਵਾੜਾ ਤੋਂ ਇਲਾਵਾ ਪਿੰਡ ਦੀਆਂ ਵੱਡੀ ਗਿਣਤੀ ਸੰਗਤਾਂ ਮੌਜੂਦ ਰਹੀਆਂ।
ਫੋਟੋ ਕੈਪਸਨ:— ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਪਿੰਡ ਤਲਵਾੜਾ ਵਿਖੇ ਪੁੱਜਣ ਤੇ ਸਨਮਾਨ ਕਰਨ ਸਮੇਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਤੇ ਹੋਰ ਆਗੂ ਸਾਹਿਬਾਨ।