ਜਲੰਧਰ, 10 ਸਤੰਬਰ ( ਪਰਮਿੰਦਰ ਸਿੰਘ ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਿਗੂਣੇ ਜਿਹੇ ਮਾਣ ਭੱਤੇ ‘ਤੇ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਿਮਲਾ ਦੇਵੀ ਫਾਜਲਿਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਜਥੇਬੰਦੀ ਵਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਕੜੀ ਵਜੌ ਮਿਤੀ 15 ਨਵੰਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾ ਪੋੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਅੰਦਰ ਮਿਡ ਡੇ ਮੀਲ ਵਰਕਰਾਂ ਨੂੰ ਸੂਬਾਈ ਸੰਘਰਸ਼ ਪ੍ਰਤੀ ਸੁਚੇਤ ਕਰਨ ਲਈ ਮਿਤੀ 11 ਤੋਂ 25 ਅਕਤੂਬਰ ਤੱਕ ਜ਼ਿਲ੍ਹਾ/ ਬਲਾਕ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸੰਘਰਸ਼ਾਂ ਦੀ ਤਿਆਰੀ ਲਈ ਮਿਤੀ 16 ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।ਮੀਟਿੰਗ ਵਿੱਚ ਆਗੂਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਾਣ ਭੱਤਾ ਤੁਰੰਤ ਦੁੱਗਣਾ ਕੀਤਾ ਜਾਵੇ, ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਘੱਟੋ-ਘੱਟ ਉਜਰਤ ਨੂੰ ਲਾਗੂ ਕਰਦੇ ਹੋਏ 26000/- ਰੁਪਏ ਦਿੱਤਾ ਜਾਵੇ, ਮਿਡ ਡੇ ਮੀਲ ਵਰਕਰ ਦੇ ਅਚਨਚੇਤ ਛੁੱਟੀ ਲੈਣ ਸਮੇਂ ਖਾਣਾ ਬਣਾਉਣ ਲਈ ਬਦਲਵਾਂ ਪ੍ਰਬੰਧ ਸਕੂਲ ਮੁਖੀ ਕਰੇ, ਵਰਕਰਾਂ ਨੂੰ ਸਾਲ ਦੌਰਾਨ ਦੋ ਵਰਦੀਆਂ ਦਿੱਤੀਆਂ ਜਾਣ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਲਈ ਲਗਾਤਾਰ ਸੰਘਰਸ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਤੇ ਆਧਾਰਿਤ ਬਣੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ 12 ਅਤੇ 13 ਸਤੰਬਰ ਨੂੰ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ 2 ਅਕਤੂਬਰ ਨੂੰ ਹੋ ਰਹੀ ਜਲੰਧਰ ਵਿਖੇ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਬਾਲਾ ਫ਼ਤਹਿਗੜ੍ਹ ਸਾਹਿਬ, ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਕੌਰ ਬਰਨਾਲਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਜੁਆਇੰਟ ਸਕੱਤਰ ਚਰਨਜੀਤ ਕੌਰ ਮਾਹਲ, ਕੈਸ਼ੀਅਰ ਕਮਲੇਸ਼ ਕੌਰ ਰੋਪੜ, ਸਹਾਇਕ ਕੈਸ਼ੀਅਰ ਸੁਖਵਿੰਦਰ ਕੌਰ ਤਰਨਤਾਰਨ, ਪ੍ਰੈੱਸ ਸਕੱਤਰ ਸਿਮਰਨਜੀਤ ਕੌਰ ਪਾਸਲਾ- ਜਲੰਧਰ, ਕੁਲਵਿੰਦਰ ਕੌਰ ਮੋਹਾਲੀ, ਸਿਬਲਜੀਤ ਕੌਰ ਫਰੀਦਕੋਟ, ਕਰਮਜੀਤ ਕੌਰ, ਆਸ਼ਾ ਰਾਣੀ, ਮਹਿੰਦਰ ਕੌਰ, ਹਰਮੇਸ ਕੌਰ ਰੋਪੜ, ਮਨਜੀਤ ਕੌਰ, ਕੁਲਵਿੰਦਰ ਕੌਰ ਅੰਦਹੇੜੀ, ਗੁਰਜੀਤ ਕੌਰ ਮੌਹਾਲੀ, ਜਸਵੀਰ ਕੌਰ, ਨਿਰਮਲਜੀਤ ਕੌਰ ਗੁਰਦਾਸਪੁਰ, ਮਨਜੀਤ ਕੌਰ ਤੋਂ ਇਲਾਵਾ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਆਦਿ ਹਾਜ਼ਰ ਸਨ।