ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਮੰਡੀ ਗੋਬਿੰਦਗੜ੍ਹ ਵਿਖੇ ਕਾਲਜ ਪ੍ਰਿੰਸੀਪਲ ਮੋਨਿਕਾ ਸਹਿਗਲ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲਾਂ ਇਹ ਤਿਉਹਾਰ 1 ਫ਼ਰਵਰੀ ਨੂੰ ਮਨਾਇਆ ਜਾਣਾ ਸੀ ਪਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਮੱਦੇ ਨਜ਼ਰ ਇਸਨੂੰ ਹੁਣ ਕਾਲਜ ਕੈਂਪਸ ਵਿਖੇ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਪਤੰਗ ਉਡਾਉਣ ਅਤੇ ਸੁੰਦਰ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਮੋਨਿਕਾ ਸਹਿਗਲ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਬਸੰਤ ਰੁੱਤ ਦੇ ਆਗਮਨ ਨਾਲ ਸੰਬੰਧਿਤ ਹੈ ਅਤੇ ਇਸ ਦਿਨ ਦੇਵੀ ਸਰਸਵਤੀ ਜੋ ਕਿ ਵਿੱਦਿਆ ਅਤੇ ਗਿਆਨ ਦੀ ਦੇਵੀ ਹੈ ਦੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਵਿਦਿਆਰਥੀ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਉਮੰਗ ਲੈ ਕੇ ਆਉਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਇਸ ਦਾ ਪ੍ਰਤੀਕ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਾਤਮਕ ਰੁਚੀਆਂ ਨੂੰ ਗ੍ਰਹਿਣ ਕਰਕੇ ਜੀਵਨ ਦੀ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਦੌਰਾਨ ਪਤੰਗ ਉਡਾਉਣ ਦੇ ਮੁਕਾਬਲੇ ਵਿੱਚ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਸੋਨੂੰ ਕੁਮਾਰ ਨੇ ਪਹਿਲਾ, ਬੀ.ਏ ਭਾਗ ਦੂਜਾ ਦੇ ਕ੍ਰਿਸਨ ਕੁਮਾਰ ਨੇ ਦੂਜਾ ਅਤੇ ਬੀ.ਏ ਭਾਗ ਪਹਿਲਾ ਦੇ ਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਪਤੰਗ ਬਣਾਉਣ ਦੇ ਮੁਕਾਬਲੇ ਵਿੱਚ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਦੀਪਾਲੀ ਨੇ ਪਹਿਲਾ, ਬੀ.ਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਰਾਧਾ ਕੁਮਾਰੀ ਅਤੇ ਸੁਨੈਨਾਂ ਨੇ ਦੂਜਾ ਸਥਾਨ ਅਤੇ ਬੀ.ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਸ਼ਰਮਨਜੋਤ ਅਤੇ ਸੀਮਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਕਾਲਜ ਪ੍ਰਿੰਸੀਪਲ ਅਤੇ ਸਟਾਫ ਮੈਂਬਰਜ਼ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਪਤੰਗ ਉਡਾਏ। ਵਿਦਿਆਰਥੀਆਂ ਨੇ ਮਿੱਠੇ ਚਾਵਲ ਬਣਾਏ ਅਤੇ ਬਾਜੀਗਰ ਬਸਤੀ ਪਿੰਡ ਸਲਾਣੀ ਵਿਖੇ ਜਾ ਕੇ ਘਰ-ਘਰ ਵੰਡੇ।
*ਫੋਟੋ ਕੈਪਸ਼ਨ: ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਕਾਲਜ਼ ਪ੍ਰਿੰਸੀਪਲ ਅਤੇ ਸਟਾਫ਼ ਨਾਲ।*