ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਵਿਧਾਇਕ ਗੈਰੀ ਬੜਿੰਗ
ਪਿੰਡ ਕਲਾਲ ਮਾਜਰਾ ਵਿਖੇ ਧਰਮਸ਼ਾਲਾ ’ਤੇ ਕੀਤੇ ਕਬਜੇ ਨੂੰ ਵਿਧਾਇਕ ਗੈਰੀ ਬੜਿੰਗ ਦੇ ਯਤਨਾਂ ਸਦਕਾ ਹਟਵਾਇਆ
ਅਮਲੋਹ(ਅਜੇ ਕੁਮਾਰ)
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਅਧਿਕਾਰੀਆਂ ਦੀ ਟੀਮ ਨੇ ਪਿੰਡ ਕਲਾਲ ਮਾਜਰਾ ਦੀ ਧਰਮਸ਼ਾਲਾ ਵਿਖੇ ਕੀਤੇ ਕਥਿਤ ਨਜਾਇਜ਼ ਕਬਜੇ ਨੂੰ ਹਟਵਾ ਦਿੱਤਾ ਗਿਆ। ਵਰਨਣਯੋਗ ਹੈ ਕਿ ਧਰਮਸ਼ਾਲਾ ’ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜਾ ਕੀਤਾ ਹੋਇਆ ਸੀ ਜਿਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਜਿਲਾ ਵਿਕਾਸ ‘ਤੇ ਪੰਚਾਇਤ ਅਫ਼ਸਰ ਦੀ ਅਦਾਲਤ ਵਿਚ ਕੇਸ ਕੀਤਾ ਸੀ ਜਿਨ੍ਹਾਂ ਫੈਸਲਾ ਪੰਚਾਇਤ ਦੇ ਹੱਕ ਵਿਚ ਕਰ ਦਿਤਾ ਸੀ, ਜਿਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮਾਲ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਇਹ ਕਬਜ਼ਾ ਹਟਵਾ ਕੇ ਧਰਮਸ਼ਾਲਾ ਪੰਚਾਇਤ ਦੇ ਸੁਪਰਦ ਕੀਤੀ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜੇ ਹਟਵਾਉਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪੰਚਾਇਤੀ ਜਮੀਨਾਂ ’ਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਮੌਕੇ ਬੀਡੀਪੀਓ ਅਮਲੋਹ ਮੋਹਿਤ ਕਲਿਆਣ ਨੇ ਦੱਸਿਆ ਕਿ ਪਿੰਡ ਕਲਾਲ ਮਾਜਰਾ ਵਿਖੇ ਸਥਿਤ ਜਨਰਲ ਵਰਗ ਦੀ ਧਰਮਸ਼ਾਲਾ ’ਤੇ ਕਰੀਬ 10 ਸਾਲਾਂ ਤੋਂ ਇੱਕ ਪਰਿਵਾਰ ਵੱਲੋਂ ਕਬਜਾ ਕੀਤਾ ਹੋਇਆ ਸੀ, ਜਿਸ ਨੂੰ ਜਬਾਨੀ ਅਤੇ ਲਿਖਤੀ ਤੌਰ ‘ਤੇ ਕਬਜਾ ਛੱਡਣ ਲਈ ਕਿਹਾ ਗਿਆ ਪ੍ਰੰਤੂ ਕਬਜਾ ਨਹੀਂ ਛੱਡਿਆ ਗਿਆ ਜਿਸ ਕਾਰਣ ਇਹ ਕਾਰਵਾਈ ਕੀਤੀ ਗਈ। ਸਰਪੰਚ ਏਕਮ ਸਿੰਘ ਨੇ ਦੱਸਿਆ ਕਿ ਕਬਜਾ ਨਾ ਛੱਡਣ ਕਾਰਣ ਉਨ੍ਹਾਂ ਵਲੋਂ ਕੀਤੇ ਕੇਸ ਦਾ ਫ਼ੈਸਲਾ ਪੰਚਾਇਤ ਦੇ ਹੱਕ ਵਿਚ ਹੋ ਗਿਆ ਜਿਸ ਉਪਰੰਤ ਬੀਡੀਪੀਓ, ਨਾਇਬ ਤਹਸੀਲਦਾਰ ਚੇਤਇੰਦਰ ਕੁਮਾਰ, ਪੰਚਾਇਤ ਅਫਸਰ ਬਲਵਿੰਦਰ ਸਿੰਘ, ਸਕੱਤਰ ਗੁਰਦੀਪ ਸਿੰਘ, ਪੰਚ ਬਹਾਦਰ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਰਣਜੀਤ ਕੌਰ ਅਤੇ ਰਜਿੰਦਰ ਕੌਰ ਦੀ ਹਾਜ਼ਰੀ ਵਿਚ ਇਹ ਕਬਜਾ ਲਿਆ ਗਿਆ।
ਫੋਟੋ ਕੈਪਸ਼ਨ: ਕਬਜਾ ਹਟਾਉਂਦੇ ਹੋਏ ਵਿਭਾਗ ਦੇ ਅਧਿਕਾਰੀ।