ਅਕਾਲੀ ਨੇਤਾ ਵਿੱਕੀ ਮਿੱਦੂਖੇੜਾ ਦੇ ਕਤਲ ਦੇ ਕੇਸ ‘ਚ ਮਾਨਯੋਗ ਹਾਈਕੋਰਟ ਨੇ ਸਜਾ ਅਤੇ ਜੁਰਮਾਨੇ ‘ਤੇ ਲਗਾਈ ਰੋਕ
ਅਮਲੋਹ(ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦੇ 7 ਅਗਸਤ 2021 ਨੂੰ ਮੁਹਾਲੀ ਵਿਚ ਸੂਟਰਾਂ ਵੱਲੋਂ ਗੋਲੀਆਂ ਮਾਰ ਕੇ ਕੀਤੇ ਕਤਲ ਦੇ ਮਾਮਲੇ ਵਿਚ ਅਡੀਸਨਲ ਸੈਸਨ ਜੱਜ ਮੁਹਾਲੀ ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਵੱਲੋਂ 24 ਜਨਵਰੀ 2025 ਨੂੰ 3 ਸੂਟਰ ਅਜੇ ਉਰਫ਼ ਲੈਫ਼ਟੀ, ਸੱਜਨ ਉਰਫ਼ ਭੋਲੂ ਅਤੇ ਅਨਿਲ ਲੱਠ ਨੂੰ ਕਤਲ ਕਰਨ ਦੇ ਮਾਮਲੇ ਵਿਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਸੀ ਅਤੇ 3 ਵਿਅਕਤੀ ਜਿਨ੍ਹਾਂ ਵਿਚ ਭੂਪੀ ਰਾਣਾ, ਕੌਂਸਲ ਚੌਧਰੀ ਅਤੇ ਅਮਿਤ ਡਾਗਰ ਨੂੰ ਬਰੀ ਕਰਨ ਦੇ ਹੁਕਮ ਦਿਤੇ ਸਨ। ਇਸ ਮਾਮਲੇ ਵਿਚ ਅਜੇ ਉਰਫ਼ ਲੈਫ਼ਟੀ ਨੇ ਅਮਲੋਹ ਦੇ ਐਡਵੋਕੇਟ ਜਗਜੋਤ ਸਿੰਘ ਅਤੇ ਗੌਰਵ ਦੱਤਾ ਰਾਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸਜ਼ਾ ਖਿਲਾਫ਼ ਅਪੀਲ ਦਾਇਰ ਕੀਤੀ ਹੈ। ਉਸ ਦੇ ਵਕੀਲ ਜਗਜੋਤ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਦਸਿਆ ਕਿ ਇਸ ਮਾਮਲੇ ਦੇ ਮੁਦਈ ਮ੍ਰਿਤਕ ਦੇ ਭਰਾ ਅਜੇ ਮਿੱਦੂਖੇੜਾ ਨੇ ਕੇਸ ਵਿਚ ਆਪਣੇ ਆਪਨੂੰ ਮੌਕੇ ‘ਤੇ ਹਾਜ਼ਰ ਦਸਿਆ ਸੀ ਜਦੋ ਕਿ ਸਬੂਤਾਂ ਨਾਲ ਲਗਾਏ ਸੀਸੀਟੀਵੀ ਕੈਮਰਿਆਂ ਦੀ ਫੂਟੇਜ਼ ਆਦਿ ਵਿਚ ਉਹ ਕਿਸੇ ਵੀ ਥਾਂ ਨਜਰ ਨਹੀਂ ਆ ਰਿਹਾ ਅਤੇ ਜੇਕਰ ਉਹ ਮੌਕੇ ਤੇ ਹਾਜ਼ਰ ਹੁੰਦਾ ਤਾਂ ਉਹ ਜਖਮੀ ਆਪਣੇ ਭਰਾ ਨੂੰ ਮੌਕੇ ‘ਤੇ ਖੁਦ ਹਸਪਤਾਲ ਲੈ ਕੇ ਜਾਦਾ ਜਦੋ ਕਿ ਪੀਸੀਆਰ ਉਸ ਨੂੰ ਮੌਕੇ ਤੋਂ ਲੈ ਕੇ ਗਈ। ਉਨ੍ਹਾਂ ਦਸਿਆ ਕਿ ਮੁਦਈ ਨੇ ਉਨ੍ਹਾਂ ਦੇ ਮੁਵੱਕਲ ਦੀ ਕੋਈ ਸਨਾਖਤ ਨਹੀਂ ਕੀਤੀ ਅਤੇ ਪੁਲੀਸ ਨੇ ਸਿਰਫ਼ ਇਸ ਗੱਲ ਨੂੰ ਅਧਾਰ ਬਣਾ ਲਿਆ ਕਿ ਮੁਦਈ ਨੇ ਕਿਸੇ ਚੈਨਲ ਉਪਰ ਉਸ ਨੂੰ ਦੇਖਿਆ ਜਦੋ ਕਿ ਮਾਨਯੋਗ ਅਦਾਲਤ ਵਿਚ ਜਿਰ੍ਹਾਂ ਦੌਰਾਨ ਕੋਈ ਵੀ ਖਬਰ, ਸਥਾਨ ਜਾਂ ਚੈਨਲ ਬਾਰੇ ਨਹੀਂ ਦਸ ਸਕਿਆ ਅਤੇ ਨਾ ਹੀ ਮੁਦਈ ਦੇ ਮੋਬਾਇਲ ਦੀ ਕੋਈ ਲੁਕੇਸ਼ਨ ਆਦਿ ਮੌਕੇ ‘ਤੇ ਸਬੂਤ ਵਜੋਂ ਸਾਹਮਣੇ ਆਈ। ਉਨ੍ਹਾਂ ਦਸਿਆ ਕਿ ਪੁਲੀਸ ਨੇ ਵਾਕੇ ਅਤੇ ਰੇਕੀ ਸਮੇਂ ਸੂਟਰਾਂ ਵਲੋਂ ਮੋਬਾਇਲ ਨੰਬਰ 93508-45193 ਵਰਤਿਆ ਦਿਖਾਇਆ ਸੀ ਜਦੋ ਕਿ ਕੇਸ ਦੀ ਸੁਣਵਾਈ ਦੌਰਾਨ ਸਤੀਸ ਕੁਮਾਰ ਵਾਸੀ ਹਰਿਆਣਾ ਨੇ ਬਤੌਰ ਗਵਾਹ ਆ ਕਿ ਦਸਿਆ ਕਿ ਇਹ ਮੋਬਾਇਲ ਉਸ ਦਾ ਹੈ ਜੋਂ ਕਈ ਸਾਲਾਂ ਤੋਂ ਇਸ ਦੀ ਵਰਤੋ ਕਰ ਰਿਹਾ ਹੈ। ਪੁਲੀਸ ਨੇ ਕੇਸ ਦੀ ਤਫ਼ਤੀਸ ਦੌਰਾਨ ਕਥਿਤ ਦੋਸ਼ੀਆਂ ਪਾਸੋ ਕਤਲ ਵਿਚ ਵਰਤੇ ਹਥਿਆਰ ਲਾਲੜੂ ਤੋਂ ਬਰਾਮਦ ਹੋਏ ਦਿਖਾਇਆ ਜੋਂ ਪਆਇੰਟ 30 ਬੋਰ ਦਾ ਕਾਲਾ ਪਿਸਟਲ ਸੀ ਜਦੋ ਕਿ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ ਵਿਚ ਉਸ ਦੇ ਸਰੀਰ ਵਿਚੋ ਪੁਆਇੰਟ 30 ਬੋਰ ਦੀ ਕੋਈ ਵੀ ਗੋਲੀ ਨਹੀਂ ਮਿਲੀ ਅਤੇ ਐਫਐਸਐਲ ਲੈਬਾਰਟਰੀ ਨੇ ਆਪਣੀ ਰਿਪੋਰਟ ਵਿਚ ਇਹ ਵੀ ਜਿਕਰ ਕੀਤਾ ਕਿ ਜੋਂ ਅਸਲਾ ਬਰਾਮਦ ਹੋਇਆ ਦਿਖਾਇਆ ਗਿਆ ਉਸ ਨਾਲ ਮ੍ਰਿਤਕ ਦੇ ਕੋਈ ਵੀ ਗੋਲੀ ਨਹੀਂ ਲੱਗੀ। ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੇ ਤੱਥਾਂ ਨੂੰ ਮੁੱਖ ਰੱਖ ਕੇ ਇਹ ਮਾਮਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਲਿਆਦਾ ਜਿਥੇ ਮਾਨਯੋਗ ਅਦਾਲਤ ਨੇ ਅਜੇ ਲੇਫ਼ਟੀ ਦੀ ਸਜਾ ਅਤੇ ਜੁਰਮਾਨੇ ਉਪਰ ਰੋਕ ਲਗਾ ਦਿਤੀ ਹੈ।
ਫ਼ੋਟੋ ਕੈਪਸਨ: ਐਡਵੋਕੇਟ ਜਗਜੋਤ ਸਿੰਘ ਜਾਣਕਾਰੀ ਦਿੰਦੇ ਹੋਏ।