(ਪ੍ਰਿੰਸ ਠਾਕੁਰ ਸਟੇਟ reporter ITN Punjab)
ਮੁਕੇਰੀਆਂ, 13 ਜੁਲਾਈ: ਪੰਜਾਬ ਸਰਕਾਰ ਦੇ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ ਅਤੇ ਮਿੱਟੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਐਤਵਾਰ ਨੂੰ ਮੁਕੇਰੀਆਂ ਹਲਕੇ ਦੇ ਸ਼ਾਹ ਨਹਿਰ, ਗਾਲ੍ਹੜੀਆਂ ਦਾ ਦੌਰਾ ਕਰਕੇ ਨਹਿਰੀ ਪਾਣੀ ਦੀ ਸਪਲਾਈ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਰੂ-ਬ-ਰੂ ਹੋ ਕੇ ਨਹਿਰ ਰਾਹੀਂ ਮਿਲ ਰਹੇ ਪਾਣੀ ਅਤੇ ਸਿੰਚਾਈ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਕਿਸਾਨਾਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸ਼ਾਹ ਨਹਿਰ ਦਾ ਪਾਣੀ 18 ਪਿੰਡਾਂ ਦੀ ਖੇਤੀਯੋਗ ਜ਼ਮੀਨ ਨੂੰ ਸਿੰਜਦਾ ਹੈ ਅਤੇ ਇਸ ਵੇਲੇ ਨਹਿਰ ਰਾਹੀਂ ਪਾਣੀ ਪੂਰੀ ਮਾਤਰਾ ਵਿੱਚ ਮਿਲ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਸਮੇਂ ਸਿਰ ਮਿਲ ਰਹੇ ਨਹਿਰੀ ਪਾਣੀ ਨਾਲ ਝੋਨੇ ਸਮੇਤ ਹੋਰ ਫਸਲਾਂ ਦੀ ਸਿੰਚਾਈ ਸੁਚੱਜੇ ਢੰਗ ਨਾਲ ਹੋ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੀ ਜਾਵੇ ਅਤੇ ਸਿੰਚਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਨਿਗਰਾਨੀ ਰੱਖੀ ਜਾਵੇ।
ਇਸ ਮੌਕੇ ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਜੋਤਸਨਾ ਸਿੰਘ (ਪੀ.ਸੀ.ਐਸ.), ਤਹਿਸੀਲਦਾਰ ਰਾਜਵਿੰਦਰ ਕੌਰ ਮੁਕੇਰੀਆਂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ, ਮਾਲ ਮਹਿਕਮੇ ਦੇ ਪਟਵਾਰੀ ਅਮਿਤ ਕੁਮਾਰ ਵੀ ਹਾਜ਼ਰ ਸਨ।