ਜਲੰਧਰ, 9 ਅਕਤੂਬਰ (ਪਰਮਿੰਦਰ ਸਿੰਘ ): ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਸਵੈ ਇੱਛਤ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਮੇਜਰ (ਡਾ.) ਵਰੁਣ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖੂਨ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਖੂਨਦਾਨ ਵਰਗੇ ਮਨੁੱਖਤਾ ਦੇ ਭਲੇ ਦੇ ਕਾਰਜਾਂ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਕੈਂਪ ਵਿਚ 30 ਦੇ ਕਰੀਬ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਾਲਜ ਦੇ ਓ.ਐਸ. ਡੀ. ਡਾ. ਨਵਜੋਤ ਕੌਰ ਨੇ ਸਹਾਇਕ ਕਮਿਸ਼ਨਰ ਦਾ ਸੰਸਥਾ ਵਿਖੇ ਪਹੁੰਚਣ ‘ਤੇ ਸਵਾਗਤ ਕੀਤਾ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ, ਲੇਖਾਕਾਰ ਨੇਕ ਰਾਮ, ਸਿਵਲ ਹਸਪਤਾਲ ਦੀ ਮੈਡੀਕਲ ਟੀਮ ਦੇ ਡਾ. ਰੁਪਿੰਦਰ ਕੌਰ, ਕਾਊਂਸਲਰ ਅਜੇ ਕੁਮਾਰ, ਸਟਾਫ਼ ਨਰਸ ਗਗਨਦੀਪ ਕੌਰ, ਲੈਬ ਟੈਕਨੀਸ਼ਅਨ ਰਣਜੀਤ ਕੌਰ ਅਤੇ ਪ੍ਰਿੰਸ ਵੀ ਮੌਜੂਦ ਸਨ।