ਪੀਸੀਐਮਐਸ ਡਾਕਟਰਾਂ ਦੀ ਐਸੋਸੀਏਸ਼ਨ ਨੇ 20 ਜਨਵਰੀ ਤੋਂ ਓਪੀਡੀ ਸੇਵਾਵਾਂ ਬੰਦ ਕਰਕੇ ਧਰਨੇ ਦਾ ਕੀਤਾ ਐਲਾਨ

ਪੰਜਾਬ ਸਰਕਾਰ ‘ਤੇ ਆਪਣੇ ਮਿੱਥੇ ਸਮੇਂ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼

 

ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)

 

ਸੂਬੇ ਦੇ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੀਆਂ ਮੰਗਾਂ ਜੋ ਸਰਕਾਰ ਵੱਲੋਂ ਪਿਛਲੇ ਸਾਲ ਮੰਨੀਆਂ ਸਨ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਡਾਕਟਰਾਂ ਵਿੱਚ ਰੋਸ ਹੈ ਜਿਸ ਕਾਰਣ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਫਿਰ ਤੋਂ ਪ੍ਰਭਾਵਤ ਹੋ ਸਕਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਕੰਵਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਸਤੰਬਰ ਮਹੀਨੇ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਅਫਸਰਾਂ ਵੱਲੋਂ ਸੁਰੱਖਿਆ ਅਤੇ ਤਰੱਕੀਆਂ ਦੀਆਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਧਰਨੇ ਦਿਤੇ ਸਨ ਜਿਸ ਦੌਰਾਨ ਓਪੀਡੀ ਸੇਵਾਵਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ 14 ਸਤੰਬਰ ਨੂੰ ਸਿਹਤ ਮੰਤਰੀ ਨੇ ਐਸੋਸੀਏਸ਼ਨ ਨਾਲ ਪੰਜਾਬ ਭਵਨ ਵਿੱਚ ਬੈਠਕ ਕਰਨ ਉਪਰੰਤ ਮੀਡੀਆ ਵਿੱਚ ਵਾਅਦਾ ਕੀਤਾ ਸੀ ਕਿ ਇਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਤਿੰਨ ਹਫਤੇ ਦੇ ਸਮੇਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਜਿਸ ਕਾਰਣ ਡਾਕਟਰਾਂ ਦੀ ਜਥੇਬੰਦੀ ਵੱਲੋਂ ਦਿੱਤੇ ਭਰੋਸੇ ‘ਤੇ ਧਰਨਾ ਖਤਮ ਕਰਕੇ ਆਪਣੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਮਿਥੇ ਗਏ ਸਮੇਂ ਵਿੱਚ ਸਰਕਾਰ ਵੱਲੋਂ ਦੋਨੋਂ ਮੁੱਦਿਆਂ ‘ਤੇ ਕੁਝ ਨਾ ਕੀਤੇ ਜਾਣ ਕਾਰਨ ਪੂਰੇ ਪੰਜਾਬ ਦੇ ਮੈਡੀਕਲ ਅਫਸਰਾਂ ਵਿੱਚ ਭਾਰੀ ਰੋਸ ਹੈ ਅਤੇ ਬਹੁਤੀਆਂ ਥਾਵਾਂ ਤੇ ਕਈ ਸਪੈਸ਼ਲਿਸਟ ਸਰਕਾਰੀ ਸੇਵਾਵਾਂ ਤੋਂ ਅਸਤੀਫਾ ਦੇ ਕੇ ਹਸਪਤਾਲ ਛੱਡ ਰਹੇ ਹਨ। ਇਸ ਨੂੰ ਦੇਖਦੇ ਹੋਏ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਮੁੜ ਚੇਤਾਵਨੀ ਦਿੱਤੀ ਹੈ ਕਿ ਡਾਕਟਰ ਨਹੀਂ ਚਾਹੁੰਦੇ ਕਿ ਮਰੀਜ਼ ਪ੍ਰੇਸ਼ਾਨ ਹੋਣ ਇਸ ਲਈ ਸਰਕਾਰ ਸੁਰੱਖਿਆ ਅਤੇ ਕੈਰੀਅਰ ਪ੍ਰੋਗਰੈਸ਼ਨ ਦੇ ਦੋਨੋਂ ਮੁੱਦਿਆਂ ਨੂੰ ਪੂਰਾ ਕਰੇ ਨਹੀਂ ਤਾਂ 20 ਜਨਵਰੀ ਤੋਂ ਮੁੜ ਓਪੀਡੀ ਸੇਵਾਵਾਂ ਬੰਦ ਕਰਕੇ ਧਰਨਾ ਸੁਰੂ ਕੀਤਾ ਜਾਵੇਗਾ। ਜਿਲਾ ਜਨਰਲ ਸਕੱਤਰ ਡਾ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਲਿਆਂ ਦੀਆਂ ਇਕਾਈਆਂ ਦੀ 12 ਜਨਵਰੀ ਨੂੰ ਅਗਲੀ ਰਣਨਿਤੀ ਤਹਿ ਕਰਨ ਲਈ ਮੀਟਿੰਗ ਰਖੀ ਗਈ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਜਥੇਬੰਦੀ ਹੈ। ਹਸਪਤਾਲਾਂ ਵਿੱਚ ਸੁਰੱਖਿਆ ਸਿਰਫ ਡਾਕਟਰਾਂ ਦਾ ਨਹੀਂ ਹਰੇਕ ਸਟਾਫ ਅਤੇ ਆਉਣ ਵਾਲੇ ਮਰੀਜ਼ਾਂ ਦੀ ਵੀ ਲੋੜ ਹੈ ਕਿਉਂਕਿ ਮਰੀਜ਼ਾਂ ਦੇ ਸਮਾਨ ਦੀ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਗਾਰਡ ਜਰੂਰੀ ਹਨ, ਇਸੇ ਤਰ੍ਹਾਂ ਡਾਕਟਰਾਂ ਦੇ ਕੈਰੀਅਰ ਵਿੱਚ ਪ੍ਰਮੋਸ਼ਨ ਨਾ ਹੋਣ ਕਾਰਨ ਚੰਗੇ ਸੂਝਵਾਨ ਡਾਕਟਰ ਸਰਕਾਰੀ ਹਸਪਤਾਲ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ ਅਤੇ ਨਵੇਂ ਡਾਕਟਰ ਵੀ ਘੱਟ ਹੀ ਜੁਆਇਨ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਵੱਲੋਂ 304 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿਤੇ ਸਨ ਜਿਨ੍ਹਾਂ ਵਿਚੋ ਇਕ ਤਿਹਾਈ ਨੇ ਮੈਡੀਕਲ ਅਫ਼ਸਰਾਂ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਵਿਚ ਸੁਧਾਰ ਨਾ ਹੋਣ ਕਾਰਣ ਨੌਕਰੀ ਜੁਆਇਨ ਹੀ ਨਹੀਂ ਕੀਤੀ। ਉਨ੍ਹਾਂ ਸਰਕਾਰ ਨੂੰ ਤੁਰੰਤ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ ਤਾਂ ਜੋਂ ਡਾਕਟਰ ਅਣਮਿੱਥੇ ਸਮੇਂ ਲਈ ਹੜ੍ਹਤਾਲ ਕਰਨ ਲਈ ਮਜਬੂਰ ਨਾ ਹੋਣ।

 

ਫੋਟੋ ਕੈਪਸ਼ਨ: ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ ਕੰਵਰਪਾਲ ਸਿੰਘ ਅਤੇ ਜਨਰਲ ਸੱਕਤਰ ਡਾ. ਅਮਰਿੰਦਰਪਾਲ ਸਿੰਘ ਜਾਣਕਾਰੀ ਦਿੰਦੇ ਹੋਏ।

Leave a Comment