ਚਾਈਨੀਜ਼ ਡੋਰ ਵੇਚਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ-ਐਸ.ਡੀ.ਓ. ਪ੍ਰਿਤਪਾਲ ਕੌਰ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਸਰਹਿੰਦ ਵਿਖੇ ਦੁਕਾਨਾਂ ਦੀ ਕੀਤੀ ਚੈਕਿੰਗ

 

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)

 

ਪਲਾਸਟਿਕ ਨਾਲ ਬਣੀ ਚਾਈਨੀਜ਼ ਡੋਰ ‘ਤੇ ਲੱਗੀ ਰੋਕ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਚਾਈਨੀਜ਼ ਡੋਰ ਦੀ ਵਿਕਰੀ ਗੈਰ ਕਾਨੂੰਨੀ ਹੈ ਅਤੇ ਇਸ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਕੈਦ ਅਤੇ 15 ਹਜ਼ਾਰ ਰੁਪਏ ਤੋਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਐੱਸਡੀਓ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਚਾਈਨੀਜ਼ ਡੋਰ ’ਤੇ ਪਾਬੰਦੀ ਸਬੰਧੀ ਜਾਂਚ ਕਰਨ ਲਈ ਬੋਰਡ ਦੀ ਟੀਮ ਵੱਲੋਂ ਨਗਰ ਕੌਂਸਲ ਸਰਹਿੰਦ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਹੇਠ ਦੁਕਾਨਾਂ ਦੀ ਜਾਂਚ ਕੀਤੀ ਪ੍ਰੰਤੂ ਕਿਤੋਂ ਵੀ ਚਾਈਨੀਜ਼ ਡੋਰ ਨਹੀਂ ਮਿਲੀ। ਇਸ ਡੋਰ ’ਤੇ ਪਾਬੰਦੀ ਸਬੰਧੀ ਬੈਨਰਾਂ ਨੂੰ ਦੁਕਾਨਾਂ ਦੇ ਬਾਹਰ ਚਿਪਕਾਇਆ ਵੀ ਗਿਆ। ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਪਲਾਸਟਿਕ ਦੀ ਬਣੀ ਡੋਰ ਜਿਥੇ ਮਨੁੱਖਾਂ ਲਈ ਘਾਤਕ ਹੈ ਉਥੇ ਇਸ ਵਿੱਚ ਫਸ ਕੇ ਪੰਛੀ ਵੀ ਨੁਕਸਾਨੇ ਜਾਂਦੇ ਹਨ। ਵਰਨਣਯੋਗ ਹੈ ਕਿ ਚਾਈਨੀਜ਼ ਡੋਰ ਦੀ ਚੈਕਿੰਗ ਟੀਮ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ।

 

ਫੋਟੋ ਕੈਪਸ਼ਨ: ਟੀਮਦੇ ਮੈਬਰ ਸਰਹਿੰਦ ਦੁਕਾਨਾਂ ‘ਤੇ ਜਾਂਚ ਕਰਦੇ ਹੋਏ।

Leave a Comment