ਸ਼ਰਾਬ ਲਈ ਪੈਸੇ ਨਾ ਦੇਣ ‘ਤੇ ਆਪਣੇ ਸਾਥੀ ਦਾ ਹੀ ਚਾਕੂ ਮਾਰ ਮਾਰ ਕੇ ਕੀਤਾ ਕਤਲ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਪਿੰਡ ਭਗੜਾਣਾ ਵਿਚ ਸਰਾਬ ਲਈ ਪੈਸੇ ਨਾ ਦੇਣ ‘ਤੇ ਇਕ ਵਿਅਕਤੀ ਨੇ ਆਪਣੇ ਹੀ ਸਾਥੀ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ। ਇਸ ਸਬੰਧੀ ਜਰੀਨਾ ਪਤਨੀ ਰਜਿੰਦਰ ਕੁਮਾਰ ਵਾਸੀ ਮਿਰਚ ਮੰਡੀ ਰਾਜਪੁਰਾ ਹਾਲ ਪਿੰਡ ਭਗੜਾਣਾ ਨੇ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸ ਦਾ ਵਿਆਹ ਕਰੀਬ 22 ਸਾਲ ਪਹਿਲਾਂ ਹੋਇਆ ਸੀ, ਉਸਦੇ ਚਾਰ ਬੱਚੇ ਹੋਏ ਜਿਨ੍ਹਾਂ ਦੀ ਮੌਤ ਹੋਣ ਕਾਰਣ ਉਸ ਨੇ ਆਪਣੇ ਭਰਾ ਦੀ 9 ਸਾਲ ਦੀ ਕੁੜੀ ਨੂੰ ਗੋਦ ਲੈ ਲਿਆ। ਉਹ ਆਪਣੇ ਪ੍ਰੀਵਾਰ ਸਮੇਤ ਤੁਰ ਫਿਰ ਕੇ ਕਬਾੜ ਦਾ ਕੰਮ ਕਰਦੀ ਹੈ। ਉਸ ਨੇ ਦਸਿਆ ਕਿ ਉਨ੍ਹਾਂ ਦੇ ਹੀ ਪਿੰਡ ਦਾ ਇਕ ਵਿਅਕਤੀ ਸੁਲਤਾਨ ਵੀ ਤੁਰਦਾ ਫ਼ਿਰਦਾ ਰਹਿੰਦਾ ਹੈ। ਉਸ ਦਾ ਪਤੀ ਸਰਾਬ ਪੀਣ ਦਾ ਆਦੀ ਸੀ ਅਤੇ ਬੀਤੇ ਦਿਨ ਕਰੀਬ 3 ਵਜੇ ਸੁਲਤਾਨ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਹ ਵੀ ਉੱਥੇ ਮੌਜੂਦ ਸੀ, ਜਦੋਂ ਸ਼ਰਾਬ ਦੀ ਬੋਤਲ ਖਤਮ ਹੋ ਗਈ ਤਾਂ ਸੁਲਤਾਨ ਹੋਰ ਸ਼ਰਾਬ ਪੀਣ ਦੀ ਜਿੱਦ ਕਰਨ ਲੱਗਾ ਅਤੇ ਉਸਦੇ ਪਤੀ ਤੋਂ ਸ਼ਰਾਬ ਲਿਆਉਣ ਲਈ 200 ਰੁਪਏ ਦੀ ਮੰਗ ਕੀਤੀ ਪ੍ਰੰਤੂ ਜਦੋ ਉਸ ਨੇ ਹੋਰ ਸਰਾਬ ਲਿਆਉਂਣ ਲਈ ਪੈਸੇ ਨਾ ਦਿਤੇ ਤਾਂ ਸੁਲਤਾਨ ਨੇ ਗੁੱਸੇ ਵਿਚ ਆ ਕੇ ਗਾਲੀ ਗਲੋਚ ਸੁਰੂ ਕਰ ਦਿਤੀ ਅਤੇ ਝਗੜਾ ਹੋ ਗਿਆ ਜਿਸ ਤੇ ਉਸ ਨੇ ਆਪਣੀ ਪੇਟ ਦੀ ਜੇਬ ਵਿਚੋ ਚਾਕੂ ਕੱਢ ਕੇ ਉਸ ਦੇ ਪਤੀ ਦੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕਰ ਦਿਤੇ। ਉਸ ਦੇ ਰੌਲਾ ਪਾਉਂਣ ਤੇ ਲੋਕ ਇਕਠੇ ਹੋ ਗਏ ਅਤੇ ਕਿਸੇ ਵਿਅਕਤੀ ਨੇ 108 ਨੰਬਰ ਐਬੂਲੈਸ ਨੂੰ ਫ਼ੋਨ ਕਰ ਦਿਤਾ ਜਿਸ ਨੇ ਲੋਕਾਂ ਦੀ ਮਦਦ ਨਾਲ ਉਸ ਦੇ ਪਤੀ ਨੂੰ ਐਬੂਲੈਸ ਰਾਹੀ ਸਿਵਲ ਹਸਪਤਾਲ ਲਿਆਦਾ ਪ੍ਰੰਤੂੁ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਉਪ ਪੁਲੀਸ ਕਪਤਾਨ ਰਾਜ ਕੁਮਾਰ ਅਤੇ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਆਕਾਸ਼ ਦੱਤ ਨੇ ਦਸਿਆ ਕਿ ਜਰੀਨਾ ਦੇ ਬਿਆਨ ‘ਤੇ ਸੁਲਤਾਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਲਾਸ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿਤੀ ਅਤੇ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

*ਫੋਟੋ ਕੈਪਸ਼ਨ: ਸਿਵਲ ਹਸਪਤਾਲ ਵਿੱਚ ਮ੍ਰਿਤਕ ਦੇ ਪ੍ਰੀਵਾਰਕ ਮੈਬਰ ਜਾਣਕਾਰੀ ਦਿੰਦੇ ਹੋਏ।*

*ਫ਼ੋਟੋ ਕੈਪਸਨ: ਰਜਿੰਦਰ ਕੁਮਾਰ ਦੀ ਫ਼ਾਇਲ ਫ਼ੋਟੋ।*

Leave a Comment