ਮੰਗਾਂ ਨਾ ਮੰਨਣ ਕਾਰਨ ਡਾਕਟਰ ਭਲਕੇ ਤੋਂ ਹੜਤਾਲ ਤੇ ਜਾਣ ਲਈ ਮਜਬੂਰ-ਡਾ.ਕੰਵਰਪਾਲ ਸਿੰਘ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਸਰਕਾਰ ਅਤੇ ਪੀਸੀਐਮਐਸਏ ਦਰਮਿਆਨ ਲੜੀਵਾਰ ਗੱਲਬਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਣ ਕਾਰਨ ਰਾਜ ਦੇ 2500 ਦੇ ਕਰੀਬ ਪੀਸੀਐਮਐਸ ਡਾਕਟਰ 20 ਜਨਵਰੀ ਤੋਂ ਮੁੜ ਅੰਦੋਲਨ ਸ਼ੁਰੂ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਐਮਐਸਏ ਦੀ ਜ਼ਿਲਾ ਫਤਹਿਗੜ ਸਾਹਿਬ ਇਕਾਈ ਦੇ ਪ੍ਰਧਾਨ ਡਾ. ਕੰਵਰਪਾਲ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਵਿੱਚ ਮੁੱਖ ਤੌਰ ’ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ, ਰੁਕੇ ਹੋਏ ਕਰੀਅਰ ਦੀ ਤਰੱਕੀ ਅਤੇ ਡਾਕਟਰਾਂ ਦੀ ਸਮੁੱਚੀ ਘਾਟ ਕਾਰਨ ਵਧੇ ਹੋਏ ਕੰਮ ਦੇ ਬੋਝ ਕਾਰਨ ਪੈਦਾ ਹੋਏ ਡਾਕਟਰਾਂ ਦੀ ਨੌਕਰੀਆਂ ਛੱਡਣ ਦੀ ਵਧੀ ਹੋਈ ਦਰ, ਨੌਕਰੀ ਜੁਆਇੰਨ ਹੀ ਨਾ ਕਰਨ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਵਿੱਤ ਵਿਭਾਗ ਨਾਲ ਸਾਂਝੇ ਕੀਤੇ ਸਨ ਉਨ੍ਹਾਂ ਨੂੰ ਡਾਕਟਰ ਐਸੋਸੀਏਸ਼ਨ ਵੱਲੋਂ ਦਰੁਸਤ ਦੱਸਦੇ ਹੋਏ ਸਮਰਥਨ ਦਿੱਤਾ ਗਿਆ ਪ੍ਰੰਤੂ ਅੱਜ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਸਿਹਤ ਵਿਭਾਗ ਦੇ 304 ਮੈਡੀਕਲ ਅਫਸਰਾਂ ਦੀ ਭਰਤੀ ਕਰਨ ਅਤੇ ਕੈਡਰ ਦੇ ਮੈਡੀਕਲ ਅਫਸਰਾਂ ਲਈ ਨਵੀਂ ਉੱਚ ਸਿੱਖਿਆ ਨੀਤੀ ਬਣਾਉਣ ਦੇ ਯਤਨਾਂ ਦੀ ਸਲਾਘਾ ਕਰਦਿਆ ਸਰਕਾਰ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵਾਂ ਅਨੁਸਾਰ ਸੁਰੱਖਿਆ ਅਤੇ ਡੀਏਸੀਪੀ ਦੀ ਮੁੜ ਬਹਾਲੀ ਦੇ ਮਸਲਿਆਂ ਦੇ ਹੱਲ ਲਈ ਬਣਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ। ਪਿਛਲੇ ਸਾਲ ਸਤੰਬਰ ਵਿੱਚ ਪੀਸੀਐਮਐਸ ਡਾਕਟਰਾਂ ਦੀ ਰੈਗੂਲਰ ਭਰਤੀ, ਰੁਕੇ ਹੋਏ ਕੈਰੀਅਰ ਪ੍ਰੋਗ੍ਰੈਸਨ ਨੂੰ ਬਹਾਲ ਕਰਨ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਇੱਕ ਹਫ਼ਤਾ ਲੰਬਾ ਅੰਦੋਲਨ ਕੀਤਾ ਸੀ ਜਿਸ ਵਿੱਚ ਲੋਕਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ ਜਿਸ ਮਗਰੋਂ ਮੁੱਖ ਮੰਤਰੀ ਨੇ ਦਖਲ ਦੇ ਕੇ ਸਰਕਾਰ ਵੱਲੋਂ ਸਮਾਂਬੱਧ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਹੁਣ ਤੱਕ ਇਸ ਸਬੰਧ ਵਿੱਚ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਹੁਣ ਵੀ ਆਸ਼ਾਵਾਦੀ ਹਨ ਕਿ ਸਰਕਾਰ ਸਰਕਾਰੀ ਸਿਹਤ ਪ੍ਰਣਾਲੀ ਦੇ ਸੁਧਾਰ ਵੱਲ ਆਪਣੀ ਵਚਨਬੱਧਤਾ ਮੁਤਾਬਕ ਸੁਰੱਖਿਆ ਅਤੇ ਤਰੱਕੀਆਂ ਸਬੰਧੀ ਨੋਟੀਫਿਕੇਸ਼ਨਾਂ ਜਾਰੀ ਕਰਕੇ ਆਪਣੇ ਕੀਤੇ ਵਾਅਦੇ ਪੂਰੇ ਕਰੇਗੀ ਤਾਂ ਜੋ ਹਸਪਤਾਲਾਂ ਦਾ ਕੰਮ ਠੱਪ ਹੋਣ ਦੀ ਨੌਬਤ ਨਾ ਆਵੇ।

ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਡਾ ਕੰਵਰਪਾਲ ਸਿੰਘ ਅਤੇ ਡਾ ਅਮਰਿੰਦਰਪਾਲ ਸਿੰਘ।

Leave a Comment