ਗੈਸ ਪਾਈਪ ਲਾਈਨ ਪਾਉਣ ਸਮੇਂ ਹੋਇਆ ਨੁਕਸਾਨ ਕੰਪਨੀ ਵੱਲੋਂ ਕੀਤਾ ਜਾਵੇਗਾ ਪੂਰਾ
ਅਮਲੋਹ, (ਅਜੇ ਕੁਮਾਰ): ਅਮਲੋਹ ਵਿਖੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਨਾਲ ਕੀਤੇ ਗਏ ਇਕਰਾਰਨਾਮੇ ਅਨੁਸਾਰ ਪਾਈਪ ਲਾਈਨ ਪਾਉਣ ਵੇਲੇ ਜੋ ਨੁਕਸਾਨ ਹੋਇਆ ਹੈ ਉਸ ਨੁਕਸਾਨ ਨੂੰ ਸਬੰਧਤ ਕੰਪਨੀ ਵੱਲੋਂ ਠੀਕ ਕਰਵਾਇਆ ਜਾਵੇਗਾ, ਨਗਰ ਕੌਂਸਲ ਵੱਲੋਂ ਸਬੰਧਤ ਕੰਪਨੀ ਨੂੰ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੌਂਸਲ ਸ਼ਹਿਰ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਗੈਸ ਰਾਹੀਂ ਪਾਈਪ ਮੁਹੱਈਆ ਕਰਾਉਣ ਵਾਲੀ ਇਸ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ, ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਖੁੱਲੀਆਂ ਹੌਦੀਆਂ ਦੇ ਨਵੇਂ ਢੱਕਣ ਕੰਪਨੀ ਵੱਲੋਂ ਲਗਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਦੀ ਸਾਫ਼ ਸਫਾਈ ਲਈ ਟੀਮਾਂ ਬਣਾ ਕੇ ਕੂੜਾ ਕਰਕਟ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਦੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਡੋਰ ਟੂ ਡੋਰ 8 ਟਾਟਾ ਏਸ ਵਾਹਨ ਭੇਜੇ ਜਾ ਰਹੇ ਹਨ ਜੋ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚੋਂ ਕੂੜਾ ਇਕੱਤਰ ਕਰਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਕੂੜਾ ਲਿਫਾਫਿਆਂ ‘ਚ ਪਾ ਕੇ ਸੜਕਾਂ ‘ਤੇ ਨਾ ਸੁੱਟਿਆ ਜਾਵੇ ਅਤੇ ਡੋਰ ਟੂ ਡੋਰ ਕੂੜਾ ਲੈਣ ਲਈ ਆਉਣ ਵਾਲੇ ਵਾਹਨਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਇਆ ਜਾ ਸਕੇ।
ਫੋਟੋ ਕੈਪਸ਼ਨ: ਬਲਜਿੰਦਰ ਸਿੰਘ