ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਕੂਲ ਆਫ਼ ਹੈਲਥ ਸਾਇੰਸਿਜ਼ (ਨਰਸਿੰਗ) ਵੱਲੋਂ ਲੈਂਪ ਲਾਇਟਿੰਗ ਅਤੇ ਸਹੁੰ ਚੁੱਕ ਸਮਾਗਮ ਆਯੋਜਨ ਕੀਤਾ ਗਿਆ ਜੋਂ ਵਿਦਿਅਕ ਢਾਂਚੇ ਵਿੱਚ ਭਾਈਚਾਰਿਕ ਏਕਤਾ ਅਤੇ ਗਿਆਨ ਦੇ ਮਾਰਗ ਦਰਸ਼ਨ ਲਈ ਵਚਨਬੱਧਤਾ ਨੂੰ ਸਮਰਪਿਤ ਸੀ। ਸਮਾਗਮ ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹੈਲਥ ਸਾਇੰਸਿਜ਼ ਦੇ ਟਿਊਟਰ ਸ੍ਰੀਮਤੀ ਗ਼ਜ਼ਾਲਾ ਵਲੋਂ ਰਸ਼ਮੀ ਸੁਆਗਤ ਨਾਲ ਸ਼ੁਰੂ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਟੀਨਾਫਰਾਂਸਿਸ ਪ੍ਰੋਫੈਸਰ ਕਮ ਪ੍ਰਿੰਸੀਪਲ ਸਰਸਵਤੀ ਕਾਲਜ ਆਫ ਨਰਸਿੰਗ, ਲੁਧਿਆਣਾ ਨੇ ਲੈਂਪ ਲਾਈਟਿੰਗ ਅਤੇ ਸਹੁੰ ਚੁੱਕ ਸਮਾਗਮ ਦੇ ਉਦੇਸ਼ ਬਾਰੇ ਚਾਨਣਾ ਪਾਇਆ। ਸ਼੍ਰੀਮਤੀ ਟੀਨਾ ਨੇ ਨਰਸਾਂ ਨੂੰ ਸਿਹਤ ਸੰਭਾਲ ਦੀ ਸੇਵਾ ਕਰਨ ਸਦਕਾ ਰੀੜ੍ਹ ਦੀ ਹੱਡੀ ਦੱਸਿਆ। ਉਨ੍ਹਾਂ ਕਿਹਾ ਕਿ ਨਰਸਿੰਗ ਉੱਤਮ ਪੇਸ਼ਾ ਹੈ ਜਿਸ ਵਲੋਂ ਸਿਰ, ਦਿਲ ਅਤੇ ਹੱਥਾਂ ਦੀ ਵਰਤੋਂ ਕਰਕੇ ਪੀੜਤਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਸਿਰ ਦਾ ਅਰਥ ਹੈ ਗੰਭੀਰ ਸੋਚ ਦੁਆਰਾ ਲੋੜਵੰਦ ਵਿਅਕਤੀ ਦੀ ਦੇਖਭਾਲ ਕਰਨਾ, ਦਿਲ ਦਾ ਅਰਥ ਹੈ ਮਰੀਜ਼ਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਹੱਥਾਂ ਦੀ ਨਿਪੁੰਨ ਛੋਹ ਨਾਲ ਮਰੀਜ ਦੀ ਦੇਖਭਾਲ ਕੀਤੀ ਜਾਂਦੀ ਹੈ ਜਿਸ ਵਿੱਚ ਇਲਾਜ ਦੀ ਸ਼ਕਤੀ ਹੁੰਦੀ ਹੈ। ਉਨ੍ਹਾਂ ਦਇਆ ਅਤੇ ਭਾਵਨਾਂ ਨਾਲ ਪੀੜਤਾਂ ਦੀ ਦੇਖ ਭਾਲ ਲਈ ਕਿਹਾ। ਡਾ. ਸੂਰਜ ਮੈਥਿਊ, ਪ੍ਰੋ-ਕਮ ਪ੍ਰਿੰਸੀਪਲ ਸਕੂਲ ਆਫ਼ ਹੈਲਥ ਸਾਇੰਸਿਜ਼ ਰਿਮਟ ਯੂਨੀਵਰਸਿਟੀ ਨੇ ਸਹੁੰ ਚੁੱਕ ਸਮਾਗਮ ਦੇ ਗੰਭੀਰ ਮੁੱਦਿਆ ਉਪਰ ਚਰਚਾ ਕੀਤੀ। ਉਨ੍ਹਾ ਮਨੁੱਖੀ ਮਨ ਅੰਦਰ ਸ਼ਰਧਾ ਅਤੇ ਦ੍ਰਿੜਤਾ ਦੋਵੇਂ ਅਵਸਥਾਵਾਂ ਉਤੇ ਜ਼ੋਰ ਦਿੱਤਾ। ਪ੍ਰੋ. ਵਾਈਸ ਚਾਂਸਲਰ ਡਾ. ਬੀ.ਐਸ. ਭਾਟੀਆ ਨੇ ਵਿਭਾਗ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਕਿਹਾ ਕਿ ਨਰਸਿੰਗ ਸਿਰਫ਼ ਇੱਕ ਕੈਰੀਅਰ ਨਹੀਂ, ਇਹ ਮਨੁੱਖੀ ਜੀਵਨ ਨੂੰ ਠੀਕ ਕਰਨ, ਦਿਲਾਸਾ ਦੇਣ ਅਤੇ ਲੋੜਵੰਦਾਂ ਦੀ ਦੇਖਭਾਲ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਦਿਆਲੂ ਅਤੇ ਹੁਨਰਮੰਦ ਨਰਸਾਂ ਦੀ ਲੋੜ ਹੈ। ਅੰਤ ਵਿੱਚ ਸ਼੍ਰੀਮਤੀ ਗ਼ਜ਼ਲਾ ਨੇ ਧੰਨਵਾਦ ਕੀਤਾ। ਪ੍ਰਿੰਸੀਪਲ ਅਤੇ ਵਿਦਿਆਰਥੀਆਂ ਵੱਲੋਂ ਸਮੂਹਿਕ ਰੂਪ ਵਿੱਚ ਕਿੱਤੇ ਪ੍ਰਤੀ ਸਹੁੰ ਚੁੱਕੀ ਅਤੇ ਸਮੂਹਿਕ ਰੂਪ ਵਿੱਚ ਇਮਾਨਦਾਰੀ, ਉੱਤਮਤਾ ਅਤੇ ਜੀਵਨ ਭਰ ਕਿੱਤੇ ਪ੍ਰਤੀ ਪ੍ਰਤੀਬੱਧਤਾ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ। ਸਮਾਗਮ ਵਿੱਚ ਪੇਸ਼ੇਵਰ ਪਛਾਣ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਉੱਪਰ ਜੋਰ ਦਿੱਤਾ ਗਿਆ ਜਿਸ ਦੇ ਤਹਿਤ ਨਰਸਾਂ ਨੂੰ ਉਮੀਦ ਦੀ ਕਿਰਨ ਬਣਨ ਅਤੇ ਸਮਾਜ ਨੂੰ ਚੰਗਾ ਬਣਾਉਣ ਲਈ ਉਤਸ਼ਾਹਿਤ ਕੀਤਾ।
*ਫੋਟੋ ਕੈਪਸ਼ਨ: ਯੂਨੀਵਰਸਿਟੀ ਦੇ ਪ੍ਰਬੰਧਕ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ।*