*ਹੈਬਤਪੁਰ ਦੇ ਕੁਲਵਿੰਦਰ ਸਿੰਘ ਦੀ ਕੁੱਟ ਮਾਰ ਕਰਕੇ ਪੈਸੇ ਖੋਹਣ ਦਾ ਮਾਮਲਾ ਗਰਮਾਇਆ*
*ਪੁਲੀਸ ਨੇ ਆਪਸੀ ਝਗੜ੍ਹੇ ਦਾ ਮਾਮਲਾ ਦਸਿਆ*
*ਅਮਲੋਹ,(ਅਜੇ ਕੁਮਾਰ)*
ਪਿੰਡ ਹੈਬਤਪੁਰ ਦੇ ਕੁਲਵਿੰਦਰ ਸਿੰਘ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਉਸ ਦੀ ਕੁੱਟ ਮਾਰ ਕਰਕੇ ਪੈਸੇ ਖੋਹਣ ਦਾ ਦੋਸ਼ ਲਾਇਆ ਸੀ। ਉਸ ਦਾ ਕਹਿਣਾ ਹੈ ਕਿ ਜਦੋ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਤੋਂ ਅਮਲੋਹ ਸਵੇਰੇ 9 ਵਜੇ ਆ ਰਿਹਾ ਸੀ ਤਾਂ ਪਿੰਡ ਭੱਦਲਥੂਹੇ ਨਜਦੀਕ ਚਾਰ-5 ਵਿਅਕਤੀਆਂ ਵਲੋਂ ਉਸ ਉਪਰ ਹਮਲਾ ਕਰਕੇ ਜਖਮੀ ਕਰ ਦਿਤਾ ਅਤੇ ਉਸ ਕੋਲੋਂ 40 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਦਸਿਆ ਕਿ ਦੋ ਵਿਅਕਤੀਆਂ ਦੀ ਪਹਿਚਾਣ ਵੀ ਕੀਤੀ ਗਈ ਹੈ ਜਿਸ ਬਾਰੇ ਪੁਲੀਸ ਨੂੰ ਸੁਚਿਤ ਕਰ ਦਿਤਾ ਹੈ। ਸਥਾਨਿਕ ਪੁਲੀਸ ਨੇ ਇਸਨੂੰ ਆਪਸੀ ਝਗੜੇ ਦਾ ਮਾਮਲਾ ਦਸਦੇ ਹੋਏ ਕਿਹਾ ਕਿ ਇਸ ਮੌਕੇ ਕੋਈ ਲੁੱਟ ਖਸੁੱਟ ਨਹੀਂ ਹੋਈ। ਥਾਣਾ ਅਮਲੋਹ ਦੇ ਮੁੱਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਹੈਬਤਪੁਰਾ ਦੇ ਕੁਲਵਿੰਦਰ ਸਿੰਘ ਦਾ ਕੁਝ ਦਿਨ ਪਹਿਲਾਂ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਉਸੇ ਰੰਜਿਸ਼ ਕਾਰਨ ਦੁਬਾਰਾ ਝਗੜਾ ਹੋਇਆ। ਉਸ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ. ਅਮਲੋਹ ਗੁਰਦੀਪ ਸਿੰਘ ਦੀ ਅਗਵਾਈ ਹੇਠ ਜ਼ੁਰਮ ਦਾ ਖਾਤਮਾ ਕਰਨ ਲਈ ਵੱਡੀ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਨਜਿਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੈਬਤਪੁਰ ਦੇ ਕੁਲਵਿੰਦਰ ਸਿੰਘ ਨਾਲ ਹੋਏ ਝਗੜੇ ਵਿੱਚ ਪੁਲਿਸ ਨੇ ਦੋਵੇਂ ਪਾਰਟੀਆਂ ਨੂੰ ਬੁਲਾ ਕਿ ਬਿਆਨ ਦਰਜ਼ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
- *ਫੋਟੋ ਕੈਪਸ਼ਨ: ਇੰਸਪੈਕਟਰ ਪਵਨ ਕੁਮਾਰ*