
ਪੰਚਾਇਤੀ ਜ਼ਮੀਨਾਂ ‘ਤੇ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਵਿਧਾਇਕ ਗੈਰੀ ਬੜਿੰਗ
ਪਿੰਡ ਮਾਨਗੜ੍ਹ ਵਿਚ ਭੱਠੇ ‘ਤੇ ਕੀਤੇ ਨਜਾਇਜ਼ ਕਬਜਾ ਹਟਵਾਉਣ ਦੀ ਕੀਤੀ ਕਾਰਵਾਈ
ਅਮਲੋਹ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਤੇ ਕੀਤੇ ਨਜਾਇਜ਼ ਕਬਜੇ ਹਟਵਾਉਣ ਲਈ ਵੱਡੀ ਪੱਧਰ ‘ਤੇ ਮੁਹਿੰਮ ਚਲਾਈ ਗਈ ਹੈ ਅਤੇ ਸਰਕਾਰੀ ਜਾਇਦਾਦਾਂ ‘ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਿੰਡ ਮਾਨਗੜ੍ਹ ਵਿਚ ਭੱਠੇ ‘ਤੇ ਲੇਬਰ ਵੱਲੋਂ ਨਜਾਇਜ਼ ਢੰਗ ਨਾਲ ਲੰਮੇ ਸਮੇਂ ਤੋਂ ਕੀਤੇ ਨਜਾਇਜ ਕਬਜਾ ਹਟਾਉਂਣ ਮੌਕੇ ਕੀਤਾ। ਉਨ੍ਹਾਂ ਦਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਸਬੰਧੀ ਧਾਰਾ 7 ਅਧੀਨ ਡੀਡੀਪੀਓ ਕੋਲ ਕੇਸ ਕੀਤਾ ਸੀ ਜਿਸ ਦਾ ਪੰਚਾਇਤ ਦੇ ਹੱਕ ਵਿੱਚ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਭੱਠਾ ਪਿੰਡ ਦੀ ਪੰਚਾਇਤ ਵੱਲੋਂ ਠੇਕੇ ‘ਤੇ ਦਿੱਤਾ ਸੀ ਅਤੇ ਸਬੰਧਤ ਵਿਅਕਤੀ 2022 ਵਿੱਚ ਛੱਡ ਕੇ ਚਲੇ ਗਏ ਅਤੇ ਭੱਠੇ ਦੇ ਮਜਦੂਰ ਨਜਾਇਜ਼ ਢੰਗ ਨਾਲ ਮਕਾਨ ਬਣਾ ਕੇ ਬੈਠੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਪਿੰਡ ਦੀ 8 ਬਿਘੇ ਦੇ ਕਰੀਬ ਪੰਚਾਇਤੀ ਜਮੀਨ ‘ਤੇ ਨਜਾਇਜ ਕਬਜਾ ਕਰਕੇ ਪੰਚਾਇਤ ਦਾ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਵਿਕਾਸ ਲਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਿੰਡ ਦੇ ਸਰਪੰਚ ਜਸਮੇਲ ਸਿੰਘ ਨੇ ਵਿਧਾਇਕ ਦੇ ਯਤਨਾ ਦੀ ਸਲਾਘਾ ਕਰਦਿਆ ਧੰਨਵਾਦ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਹਰਪਾਲ ਸਿੰਘ, ਡੀਐਸਪੀ ਹਰਿਤੇਸ਼ ਕੌਸ਼ਿਕ ਅਤੇ ਬੀਡੀਪੀਓ ਅਮਲੋਹ ਮੋਹਿਤ ਕਲਿਆਣ ਤੋਂ ਇਲਾਵਾ ਪੁਲਿਸ ‘ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ
ਫੋਟੋ ਕੈਪਸ਼ਨ: ਮਾਨਗੜ੍ਹ ‘ਚ ਨਜਾਇਜ਼ ਕਬਜੇ ਹਟਾਉਂਣ ਦਾ ਦ੍ਰਿਸ਼।