ਪੰਜਾਬ ਐੰਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੰਜਾਬ ਐੰਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਪੰਜਾਬ ਸਰਕਾਰ ਖਿਲਾਫ਼ ਜਥੇਬੰਦਕ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ ਹੈ। ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਏਡਿਡ ਕਾਲਜ ਅਧਿਆਪਕਾਂ ਦੇ ਲੰਬਿਤ ਮੁੱਦਿਆਂ ਉੱਤੇ ਜਥੇਬੰਦਕ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਜਨਰਲ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ ਆਖਿਆ ਕਿ ਐੱਚਐੱਮਵੀ ਕਾਲਜ ਨੂੰ ਆਟੋਨੋਮਸ ਕਰਨ ਵਿਰੁੱਧ ਸੰਘਰਸ ਸ਼ੁਰੂ ਕਰਨ, ਸੱਤਵੇੰ ਪੇਅ ਕਮਿਸ਼ਨ, 1925 ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਪੀ.ਐੱਫ. ਕਟੌਤੀ ਬੇਸਿਕ ਅਤੇ ਡੀਏ ਗਰੌਸ ਸੈਲਰੀ ਉੱਤੇ ਕਰਨ, ਅਨਏਡਿਡ ਸਟਾਫ ਨੂੰ ਸੱਤਵੇਂ ਪੇਅ ਕਮਿਸ਼ਨ ਦਾ ਲਾਭ ਨਾ ਦੇਣ ਵਾਲੀਆਂ ਕਾਲਜ ਮੈਨੇਜਮੈਂਟਾਂ ਖ਼ਿਲਾਫ਼ ਸੰਘਰਸ ਸੁਰੂ ਕਰਨ ਦਾ ਫੈਸਲਾ ਕੀਤਾ ਹੈ। ਸੂਬਾਈ ਪ੍ਰਧਾਨ ਡਾ. ਸੀਮਾ ਜੇਤਲੀ ਨੇ ਸੰਘਰਸ਼ ਦੀ ਰੂਪ ਰੇਖਾ ਜਾਰੀ ਕਰਦੇ ਹੋਏ ਆਖਿਆ ਕਿ ਡੀਏਵੀ ਅਤੇ ਐੱਚਐੱਮਵੀ ਕਾਲਜ ਵਿਖੇ 22 ਅਪ੍ਰੈਲ ਨੂੰ ਕਾਲੇ ਬਿੱਲੇ ਲਗਾ ਕੇ, 23-24 ਅਪ੍ਰੈਲ ਨੂੰ ਦੋ ਘੰਟੇ ਦਾ ਕੈੰਪਸ ਰੋਸ ਧਰਨਾ, 25 ਅਪ੍ਰੈਲ ਨੂੰ ਕੈੰਡਲ ਮਾਰਚ, 26 ਅਪ੍ਰੈਲ ਨੂੰ ਇੱਕ ਦਿਨ ਦੀ ਭੁੱਖ-ਹੜਤਾਲ ਅਤੇ 29 ਅਪ੍ਰੈਲ ਨੂੰ ਡੀਏਵੀ ਮੈਨੇਜਮੈੰਟ ਕਮੇਟੀ ਨਵੀਂ ਦਿੱਲੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਕੁੱਝ ਕਾਲਜਾਂ ਵਿੱਚ ਸੱਤਵੇਂ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਕੀਤੇ ਜਾ ਰਹੇ ਭੇਦਭਾਵ ਖ਼ਿਲਾਫ਼ 2 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਅੱਗੇ ਰੋਸ ਧਰਨਾ ਦਿਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਢਿੱਲਮੱਠ ਖ਼ਿਲਾਫ਼ ਲੁਧਿਆਣੇ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਦਾ ਵੀ ਫ਼ੈਸਲਾ ਕੀਤਾ। ਡਾ. ਜੇਤਲੀ ਨੇ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਵੱਲੋਂ ਦਿਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਮੀਟਿੰਗ ਵਿਚ ਏਆਈਫਕਟੋ ਦੇ ਵਾਈਸ ਪ੍ਰਧਾਨ ਡਾ. ਵਿਨੇ ਸੋਫਤ, ਜੀਐੱਨਡੀਯੂ ਦੇ ਏਰੀਆ ਸਕੱਤਰ ਡਾ. ਸੁਖਦੇਵ ਸਿੰਘ ਰੰਧਾਵਾ, ਪੰਜਾਬ ਯੂਨੀਵਰਸਿਟੀ ਦੇ ਏਰੀਆ ਸਕੱਤਰ ਡਾ. ਰਮਨ ਕੁਮਾਰ ਸ਼ਰਮਾ, ਪੰਜਾਬੀ ਯੂਨੀਵਰਸਿਟੀ ਦੇ ਏਰੀਆ ਸਕੱਤਰ ਡਾ. ਬਹਾਦਰ ਸਿੰਘ, ਡੀਏਵੀ ਕਾਲਜਾਂ ਦੇ ਕਨਵੀਨਰ ਡਾ. ਬੀਬੀ ਯਾਦਵ ਅਤੇ ਐੱਸਜੀਪੀਸੀ ਕਾਲਜਾਂ ਦੇ ਕਨਵੀਨਰ ਡਾ. ਬਿਕਰਮਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਥੇਬੰਦੀ ਦੇ ਆਗੂ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ।