
ਪੈੱਟ ਸ਼ਾਪ ਤੇ ਡੌਗ ਬਰੀਡਰਜ਼ ਦੀ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਜਰੂਰੀ-ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜ਼ਿਲ੍ਹੇ ਦੀਆਂ ਪੈੱਟ ਸ਼ਾਪ ਅਤੇ ਡੌਗ ਬਰੀਡਰਜ਼ ਦੀ ਰਜਿਸਟਰੇਸ਼ਨ ਲਈ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਗਠਿਤ ਕੀਤੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਜੰਗਲੀ ਜੀਵ, ਜੰਗਲਾਤ ਵਿਭਾਗ ਅਤੇ ਪਸ਼ੂਆਂ ‘ਤੇ ਹੁੰਦੇ ਅਤਿਆਚਾਰ ਰੋਕਣ ਲਈ ਬਣਾਈ ਕਮੇਟੀ ਦੇ ਮੈਂਬਰਾਂ ਦੀ ਗੈਰ ਹਾਜਰੀ ਦਾ ਡਿਪਟੀ ਕਮਿਸ਼ਨਰ ਨੇ ਗੰਭੀਰ ਨੋਟਿਸ ਲੈਂਦਿਆਂ ਅਨੁਸ਼ਾਸ਼ਨਿਕ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਡਾ. ਥਿੰਦ ਨੇ ਦੱਸਿਆ ਕਿ ਪੰਜਾਬ ਪਸ਼ੂ ਭਲਾਈ ਬੋਰਡ ਦਾ ਗਠਨ ਕੇਂਦਰ ਸਰਕਾਰ ਵੱਲੋਂ ਬਣਾਏ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਤਰਜ਼ ਤੇ ਕੀਤਾ ਗਿਆ ਹੈ ਜਿਸ ਦਾ ਮੰਤਵ ਪਸ਼ੂਆਂ ਖਾਸ ਕਰਕੇ ਛੋਟੇ ਜਾਨਵਰਾਂ ਜਿਵੇਂ ਕਿ ਕੁੱਤੇ, ਬਿੱਲੀ, ਖਰਗੋਸ਼, ਗਿਨੀ ਪਿੱਗ, ਹੈਮਸਟਰ, ਚੂਹੇ ਅਤੇ ਘਰ ਵਿੱਚ ਰੱਖੇ ਜਾਣ ਵਾਲੇ ਪੰਛੀਆਂ ਉੱਤੇ ਹੁੰਦੇ ਅੱਤਿਆਚਾਰ ਅਤੇ ਪਸ਼ੂਆਂ ਦੀ ਖਰੀਦ ਵੇਚ ਵਿੱਚ ਕੀਤੀ ਜਾਂਦੀ ਧੋਖਾਧੜੀ ਨੂੰ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਿੱਤੇ ਨਾਲ ਜੁੜੇ ਲੋਕ ਜੋ ਇਨ੍ਹਾਂ ਦੀ ਬਰੀਡਿੰਗ ਵੀ ਕਰਦੇ ਹੋਣ ਜਾਂ ਖਰੀਦ-ਵੇਚ ਦਾ ਕੰਮ ਕਰਦੇ ਹੋਣ ਉਨ੍ਹਾਂ ਨੂੰ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਸੂਚੀਬੱਧ ਹੋਣਾ ਲਾਜ਼ਮੀ ਹੈ। ਰਜਿਸਟਰੇਸ਼ਨ ਲਈ ਫੀਸ 5 ਹਜ਼ਾਰ ਹੋਵੇਗੀ ਅਤੇ ਦੋ ਸਾਲ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈੱਟਸ ਦੀ ਖਰੀਦ-ਵੇਚ ਦਾ ਕੰਮ ਕਰਨ ਵਾਲੇ ਪੈੱਟ ਸ਼ਾਪ ਦੀ ਰਜਿਸਟਰੇਸ਼ਨ ਫੀਸ 5 ਹਜ਼ਾਰ ਹੈ ਅਤੇ ਇਹ ਲਾਇਸੈਂਸ 5 ਸਾਲ ਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਨਾ ਕਰਵਾਉਣ ਦੀ ਸੂਰਤ ਵਿੱਚ ਐਕਟ ਦੀ ਧਾਰਾ 29 ਅਧੀਨ ਡੋਗ ਬਰੀਡਰ ਪੈਟ ਸ਼ਾਪ ਦੇ ਪੈਟਸ ਐਸ.ਪੀ.ਸੀ.ਏ. ਜਾਂ ਪੰਜਾਬ ਪਸ਼ੂ ਭਲਾਈ ਬੋਰਡ ਵੱਲੋਂ ਜਬਤ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਜਾਨਵਰਾਂ ਦੇ ਰੱਖ ਰਖਾਵ ਅਤੇ ਆਉਣ ਵਾਲੇ ਇਲਾਜ ਦਾ ਖਰਚਾ ਪੈਟ ਸ਼ਾਪ ਦੇ ਮਾਲਕ ਅਤੇ ਡੋਗ ਬਰੀਡਰ ਤੋਂ ਲਿਆ ਜਾਵੇਗਾ। ਉਨ੍ਹਾਂ ਕਮੇਟੀ ਮੈਂਬਰਾਂ ਨੂੂੰ ਹਦਾਇਤ ਕੀਤੀ ਕਿ ਇਸ ਸਬੰਧੀ ਬਣਦੀ ਲੋੜੀਦੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਜਿਲੇ ਦੇ ਸਾਰੇ ਪੈਟ ਸ਼ਾਪ ਅਤੇ ਡਾਗ ਬਰੀਡਰ ਦੀ ਰਜਿਸਟਰੇਸ਼ਨ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਕੀਤੀ ਜਾਵੇ। ਉਨ੍ਹਾਂ ਸਮੁੱਚੇ ਡੋਗ ਬਰੀਡਰਾਂ ਅਤੇ ਪੈਟ ਸ਼ਾਪ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿੱਤੇ ਦੀ ਪੰਜਾਬ ਪਸੂ ਭਲਾਈ ਬੋਰਡ ਨਾਲ ਤੁਰੰਤ ਰਜਿਸਟਰੇਸ਼ਨ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।
ਫੋਟੋ ਕੈਪਸ਼ਨ: ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।