
ਅਕਾਲੀ ਦਲ ਵਾਰਿਸ ਅਤੇ ਸਿਖ ਜਥੇਬੰਦੀਆਂ ਦੇ ਵਫਦ ਨੇ ਜਿਲਾ ਪੁਲੀਸ ਕੋਲ ਥਾਣਾ ਮੁਖੀ ਦੀ ਕੀਤੀ ਸਿਕਾਇਤ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਅਕਾਲੀ ਦਲ ਵਾਰਿਸ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾ ਦਾ ਇਕ ਵਫ਼ਦ ਇਥੇ ਕਪਤਾਨ ਪੁਲੀਸ ਨੂੰ ਮਿਲਿਆ ਅਤੇ ਜਿਲਾ ਪੁਲੀਸ ਮੁਖੀ ਦੇ ਨਾਮ ਦਾ ਮੰਗ ਪੱਤਰ ਦੇ ਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁੱਖੀ ਉਪਰ ਸਿੱਖ ਕਮਿਊਨਿਟੀ ਨੂੰ ਟਾਰਗਟ ਕਰਕੇ ਕਥਿਤ ਅਸ਼ਲੀਲ ਗਾਲਾ ਕੱਢਣ ਅਤੇ ਇਕ ਬੇਕਸੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਥਿਤ ਚੋਰ ਨੂੰ ਫੜ੍ਹਨ ਵਾਲੇ ਸਿੰਘਾਂ ਨਾਲ ਹੀ 107/151 ਕਰਨ ਦਾ ਦੋਸ਼ ਲਾਇਆ। ਵਫ਼ਦ ਵਿਚ ਐਡਵੋਕੇਟ ਸੁਤੰਤਰਦੀਪ ਸਿੰਘ ਬਡਗੁਜਰਾਂ, ਗੁਰਜੀਤ ਸਿੰਘ ਖਾਲਸਾ, ਮਲਕੀਤ ਸਿੰਘ ਅੰਬੇਮਾਜਰਾ, ਸ਼ਿਵਦੇਵ ਸਿੰਘ ਫੌਜੀ, ਜਸਪਾਲ ਸਿੰਘ ਸਰਹਿੰਦ, ਧਰਮਪਾਲ ਸਿੰਘ ਸਰਹੰਦ, ਰਾਜਵੀਰ ਸਿੰਘ ਸਰਹਿੰਦ, ਕਸ਼ਮੀਰਾ ਸਿੰਘ ਲਾਡੀ, ਐਡਵੋਕੇਟ ਬੂਟਾ ਸਿੰਘ ਜਨੁਹਾ, ਐਡਵੋਕੇਟ ਕਮਲਮੋਹਨ ਸਿੰਘ ਢੀਡਸਾ, ਨਵਦੀਪ ਸਿੰਘ ਤਾਨ ਅਤੇ ਕੁਲਦੀਪ ਸਿੰਘ ਆਦਿ ਸ਼ਾਮਲ ਸਨ। ਵਫ਼ਦ ਨੇ ਦਸਿਆ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਇੱਕ ਵਿਅਕਤੀ ਮੋਟਰਸਾਈਕਲ ਚੋਰੀ ਕਰਨ ਲੱਗਿਆ ਸੀ ਜਿਸ ਨੂੰ ਸੰਗਤਾਂ ਨੇ ਕਾਬੂ ਕਰਕੇ ਉਸ ਦੀ ਕੁੱਟ ਮਾਰ ਕੀਤੀ ਅਤੇ ਮੌਕੇ ‘ਤੇ ਪਹੁੰਚੀ ਪੁਲੀਸ ਨੇ ਉਸ ਕਥਿਤ ਚੋਰ ਅਤੇ ਸੰਗਤ ਵਿਚੋ ਇਕ ਗੁਰਸਿੱਖ ਦਮਾਲੇ ਵਾਲੇ ਵਿਅਕਤੀ ਨੂੰ ਫੜ ਲਿਆ। ਉਨ੍ਹਾ ਦਸਿਆ ਕਿ ਜਦੋ ਉਨ੍ਹਾਂ ਥਾਣਾ ਮੁੱਖੀ ਨੂੰ ਪੁਛਿਆ ਤਾਂ ਉਸ ਨੇ ਕਥਿਤ ਰੂਪ ਵਿਚ ਪੂਰੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਥਿਤ ਗੰਦੀ ਸ਼ਬਦਾਵਲੀ ਅਤੇ ਗਾਲੀ ਗਲੋਚ ਕੀਤੀ ਅਤੇ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਇੱਕ ਸਿੱਖ ਨੌਜਵਾਨ ਦੀ ਕਥਿਤ ਨਜਾਇਜ਼ ਕੁੱਟਮਾਰ ਕਰਕੇ ਉਸ ਨਾਲ ਥਰਡ ਡਿਗਰੀ ਟੋਰਚਰ ਕੀਤਾ, ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਉਸ ਦਾ ਦੁਮਾਲਾ ਉਤਾਰ ਕੇ ਕੇਸਾਂ ਵਿੱਚ ਜੁੱਤੀਆਂ ਮਾਰੀਆ ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ। ਉਨ੍ਹਾਂ ਇਸ ਕਾਰਵਾਈ ਦੀ ਸਖਤ ਨਿੰਦਾ ਕਰਦੇ ਹੋਏ ਇਸ ਪੁਲੀਸ ਅਧਿਕਾਰੀ ਨੂੰ ਤੁਰੰਤ ਡਿਸਮਿਸ ਕਰਨ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਬਾਅਦ ਵਿਚ ਵਫਦ ਨੇ ਦਸਿਆ ਕਿ ਪੁਲੀਸ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਫੋਟੋ ਕੈਪਸ਼ਨ: ਸਿੱਖ ਜਥੇਬੰਦੀਆਂ ਦੇ ਕਾਰਕੁੰਨ ਕਪਤਾਨ ਪੁਲੀਸ ਨੂੰ ਮੰਗ ਪੱਤਰ ਦਿੰਦੇ ਹੋਏ।