ਜਲੰਧਰ, 20 ਨਵੰਬਰ (ਪਰਮਿੰਦਰ ਸਿੰਘ): ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਰਕਾਰੀ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਮੇਲੇ ਦੇ ਅੱਜ ਦੂਜੇ ਦਿਨ 400 ਦੇ ਕਰੀਬ ਪੈਨਸ਼ਨਰਾਂ ਨੇ ਲਾਭ ਉਠਾਇਆ।
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਡਾ. ਅਮਰਨਾਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰ ਮੇਲੇ ਦੌਰਾਨ ਜ਼ਿਲ੍ਹੇ ਦੇ ਰਿਟਾਇਰਡ ਪੈਨਸ਼ਨਰਾਂ ਨੂੰ ਆਪਣੀ ਈ-ਕੇਵਾਈਸੀ (e-KYC) ਅਤੇ ਜੀਵਨ ਪ੍ਰਮਾਣ ਪੱਤਰ (Digital Life Certificate) ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਵਿੱਚ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟਰ ਹੋਣ ਤੋਂ ਬਾਅਦ ਪੈਨਸ਼ਨਰ ਆਨਲਾਈਨ ਆਪਣੇ ਪੈਨਸ਼ਨ ਖਾਤਿਆਂ ਬਾਰੇ ਜਾਣਕਾਰੀ ਚੈੱਕ ਕਰ ਸਕਦੇ ਹਨ, ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਅਤੇ ਸੇਵਾਵਾਂ ਸਬੰਧੀ ਅਰਜ਼ੀਆਂ ਟਰੈਕ ਵੀ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ 21 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਾ ਦਫ਼ਤਰ ਅਤੇ ਉਪ ਖਜ਼ਾਨਾ ਦਫ਼ਤਰਾਂ ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਖੇ ਪਹੁੰਚ ਕੇ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਪੈਨਸ਼ਨਰ ਆਪਣੇ ਨਾਲ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ ਜ਼ਰੂਰ ਨਾਲ ਲੈ ਕੇ ਆਉਣ, ਤਾਂ ਜੋ ਓ.ਟੀ.ਪੀ. ਰਾਹੀਂ ਲੋੜੀਂਦੀ ਪ੍ਰਕਿਰਿਆ ਆਸਾਨੀ ਨਾਲ ਪੂਰੀ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲਾਈਜ਼ ਬੈਂਕਾਂ ਤੋਂ ਆਏ ਅਧਿਕਾਰੀ/ਕਰਮਚਾਰੀ ਮੌਕੇ ’ਤੇ ਮੇਲੇ ਵਿੱਚ ਪਹੁੰਚੇ ਪੈਨਸ਼ਨਰਾਂ ਦੀ ਈ-ਕੇਵਾਈਸੀ ਅਤੇ ਜੀਵਣ ਪ੍ਰਮਾਣ ਅਪਡੇਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੈਨਸ਼ਨਰ ਦਾ ਪੈਨਸ਼ਨ ਸੇਵਾ ਪੋਰਟਲ ਸਾਈਟ ਤੇ ਈ-ਕੇਵਾਈਸੀ (E-KYC) ਲੰਬਿਤ ਹੈ, ਉਹ ਜਲਦ ਤੋਂ ਜਲਦ ਆਪਣੇ ਨਜ਼ਦੀਕੀ ਬੈਂਕ ਬ੍ਰਾਂਚ/ਖਜ਼ਾਨਾ ਦਫਤਰ/ਉਪ ਖਜ਼ਾਨਾ ਦਫਤਰ ਵਿਖੇ ਜਾ ਕੇ ਈ-ਕੇਵਾਈਸੀ ਆੱਨ ਪੀ.ਐਸ.ਪੀ. ਪੋਰਟਲ ’ਤੇ ਕਰਵਾਉਣ ਤਾਂ ਜੋ ਭਵਿੱਖ ਵਿੱਚ ਪੈਨਸ਼ਨ ਸਬੰਧੀ ਕੋਈ ਵੀ ਔਕੜ ਪੇਸ਼ ਨਾ ਆਵੇ । ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪੈਨਸ਼ਨ ਇੰਚਾਰਜ ਨਾਲ ਮੋਬਾਈਲ ਨੰਬਰ 99884-33699 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
