
ਜਲਵੇੜੀ ਗਹਿਲਾਂ ਦੇ ਕਿਸਾਨ ਦੀ ਡੇਢ ਏਕੜ ਕਣਕ ਹੋਈ ਅੱਗ ਦਾ ਸਿਕਾਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਕਣਕ ਅਤੇ ਨਾੜ੍ਹ ਨੂੰ ਅੱਗ ਲੱਗਣ ਦੀਆਂ ਘੱਟਨਾਵਾਂ ਲਗਾਤਾਰ ਜਾਰੀ ਹਨ ਅਤੇ ਹੁਣ ਪਿੰਡ ਜਲਵੇੜੀ ਗਹਿਲਾਂ ਦੇ ਕਿਸਾਨ ਜਤਿੰਦਰ ਸਿੰਘ ਦੀ ਡੇਢ ਏਕੜ ਕਣਕ ਅੱਗ ਦੀ ਲਪੇਟ ਵਿਚ ਆਉਂਣ ਕਾਰਣ ਸੜ੍ਹ ਕੇ ਸੁਆਹ ਹੋ ਗਈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪੀੜਤ ਕਿਸਾਨ ਨਾਲ ਹਮਦਰਦੀ ਪ੍ਰਗਟ ਕਰਨ ਮੌਕੇ ਪੱਤਰਕਾਰਾਂ ਨੂੰ ਦਸਿਆ ਕਿ ਅੱਗ ਬੁਝਾਓ ਗੱਡੀਆਂ ਪੇਂਡੂ ਇਲਾਕਿਆਂ ਤੋਂ ਦੂਰ ਸਰਹਿੰਦ ਸ਼ਹਿਰ ਦੇ ਵਿਚਕਾਰ ਖੜੀਆਂ ਹੋਣ ਕਾਰਨ ਅੱਗ ਲੱਗਣ ਵਾਲੀਆਂ ਥਾਵਾਂ ‘ਤੇ ਸਮੇਂ ਸਿਰ ਨਹੀਂ ਪਹੁੰਚ ਰਹੀਆਂ। ਉਨ੍ਹਾਂ ਦਸਿਆ ਕਿ ਪਿੰਡ ਜਲਵੇੜੀ ਗਹਿਲਾਂ ਦੇ ਨਿਵਾਸੀਆਂ ਨੇ ਮੌਕੇ ‘ਤੇ ਬਹੁਤ ਕਿ ਆਪਣੇ ਸਾਧਨਾਂ ਨਾਲ ਅੱਗ ‘ਤੇ ਕਾਬੂ ਪਾਇਆ। ਸ੍ਰੀ ਭੁੱਟਾ ਨੇ ਕਿਹਾ ਕਿ ਅੱਗ ਬਝਾਊ ਗੱਡੀਆਂ ਕਣਕ ਦੀ ਕਟਾਈ ਸਮੇਂ ਪੇਂਡੂ ਖੇਤਰਾਂ ਵਿੱਚ 20 ਪਿੰਡਾਂ ਦਾ ਜੋਨ ਬਣਾ ਕੇ ਖੜੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਵਾਪਰਨ ‘ਤੇ ਤੁਰੰਤ ਉਸ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਛੋਟੇ ਕਿਸਾਨ ਦੀ ਕਿਸੇ ਵੀ ਅਧਿਕਾਰੀ ਨੇ ਪਹੁੰਚ ਕੇ ਹਮਦਰਦੀ ਨਹੀਂ ਕੀਤੀ। ਇਸ ਕਿਸਾਨ ਪਾਸ ਅੱਧਾ ਏਕੜ ਜਮੀਨ ਆਪਣੀ ਅਤੇ ਡੇਢ ਏਕੜ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ, ਇਸ ਦੀ ਠੇਕੇ ਵਾਲੀ ਸਾਰੀ ਫ਼ਸਲ ਅੱਗ ਦੀ ਬਲੀ ਚੜ੍ਹ ਗਈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਕਣਕ ਦਾ ਮੁਆਵਜਾ ਦਿਤਾ ਜਾਵੇ। ਇਸ ਮੌਕੇ ਰਾਜ ਕੌਰ, ਸਤਨਾਮ ਸਿੰਘ ਚੀਮਾ, ਦਮਨਜੋਤ ਸਿੰਘ ਚੀਮਾ, ਯਾਦਵਿੰਦਰ ਸਿੰਘ ਵਿਰਕ, ਰਿੰਕਾ ਚੀਮਾ, ਗੁਰਵਿੰਦਰ ਸਿੰਘ, ਜੱਸੂ ਚੀਮਾ, ਦਰਸ਼ਨ ਸਿੰਘ, ਸ਼ਿਵ ਕੁਮਾਰ ਭੱਟ ਮਾਜਰਾ ਅਤੇ ਸਤਨਾਮ ਸਿੰਘ ਭੰਗੂ ਆਦਮਪੁਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਪਿੰਡ ਜਲਵੇੜੀ ਗਹਿਲਾਂ ਦੇ ਪੀੜਤ ਕਿਸਾਨ ਜਤਿੰਦਰ ਸਿੰਘ ਸਮੇਤ ਜਾਣਕਾਰੀ ਦਿੰਦਾ ਹੋਇਆ