
ਭਾਦਸੋਂ ਥਾਣੇ ਲੱਗੇ ਧਰਨੇ ‘ਚ ਪੁੱਜੇ ਅਮਿਤੋਜ ਮਾਨ ਤੇ ਖੁਸ਼ਇੰਦਰ ਸਿੰਘ ਨੇ ਦਿੱਤਾ ਪੰਜ ਦਿਨ ਦਾ ਅਲਟੀਮੇਟਮ
ਭਾਦਸੋਂ 14 ਜੁਲਾਈ ( ਜਗਜੀਤ ਸਿੰਘ ਕੈਂਥ )- ਥਾਣਾ ਭਾਦਸੋਂ ਦੇ ਪਿੰਡ ਦੰਦਰਾਲਾ ਖਰੌਡ ਵਿੱਚ ਚਰਚਿਤ ਫਿਲਮ ਸਤਲੁਜ ਦਿਖਾਉਣ ਨੂੰ ਲੈ ਕੇ ਦੋ ਵਿਰੋਧੀ ਧਿਰਾਂ ਵਿੱਚ ਹੋਈ ਰੰਜਿਸ਼ ਉਦੋਂ ਮਾਰ ਕੁਟਾਈ ਵਿੱਚ ਬਦਲ ਗਈ ਜਦੋਂ ਪਿੰਡ ਦੇ ਸਰਪੰਚ ਵੱਲੋਂ ਕਥਿਤ ਤੌਰ ‘ਤੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾ ਕੇ ਪਿੰਡ ਵਿੱਚ ਫਿਲਮ ਦੂਜੀ ਵੇਰ ਦਿਖਾਉਣ ਤੋਂ ਮਨਾਹੀ ਕਰ ਦਿੱਤੀ ਗਈ । ਸਰਪੰਚ ਧਿਰ ਦੇ ਜਤਿੰਦਰ ਸਿੰਘ ਵੱਲੋਂ ਪੁਲਿਸ ਕੋਲ ਲਿਖਾਏ ਬਿਆਨ ਵਿੱਚ ਕਿਹਾ ਗਿਆ ਕਿ ਦੂਜੀ ਧਿਰ ਦੇ ਟਿੰਕੂ ਬੱਤਾ,ਗੁਰਦੀਪ ਸਿੰਘ ਦੋਵੇਂ ਵਾਸੀਆਨ ਪਿੰਡ ਦੰਦਰਾਲਾ ਖਰੌਡ, ਜਸਵਿੰਦਰ ਸਿੰਘ ਪਿੰਡ ਫੱਗਣ ਮਾਜਰਾ ਤੇ ਤਿੰਨ ਚਾਰ ਅਣਪਛਾਤਿਆਂ ਨੇ ਬੇਸ ਬਾਲ ਦੇ ਡੰਡੇ ਅਤੇ ਕਿਰਚਾਂ ਨਾਲ ਹਮਲਾ ਕੀਤਾ ਹੈ । ਜਿਸ ‘ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਉਕਤ ਵਿਅਕਤੀਆਂ ਖਿਲਾਫ਼ ਭਾਦਸੋਂ ਪੁਲਿਸ ਵੱਲੋਂ ਧਾਰਾ 115(2), 118(1), 191(3), 190 ਬੀ.ਐਨ.ਐਸ. ਅਧੀਨ ਪਰਚਾ ਦਰਜ਼ ਕਰ ਲਿਆ ਗਿਆ । ਪਰ ਦੂਜੀ ਧਿਰ ਵੱਲੋਂ ਦਾਅਵਾ ਕੀਤਾ ਗਿਆ ਕਿ ਕੁਟਿਆ ਵੀ ਸਾਨੂੰ ਗਿਆ ਹੈ ਅਤੇ ਝੂਠੇ ਬਿਆਨ ਦੇ ਕੇ ਪਰਚਾ ਵੀ ਸਾਡੇ ਉੱਤੇ ਹੀ ਕਰਵਾ ਦਿੱਤਾ ਗਿਆ ਹੈ । ਸਮਾਜਸੇਵੀਆਂ ਅਮਿਤੋਜ ਮਾਨ, ਖੁਸ਼ਇੰਦਰ ਸਿੰਘ ਤੇ ਲੱਖਾ ਸਿਧਾਣਾ ਦੇ ਦਖਲ ਤੋਂ ਬਾਅਦ ਪੁਲਿਸ ਵੱਲੋਂ ਦੂਜੀ ਨੌਜਵਾਨ ਧਿਰ ਦੇ ਜਸਵਿੰਦਰ ਸਿੰਘ ਉਰਫ਼ ਡੀ.ਸੀ. ਫੱਗਣਮਾਜਰਾ ਦੇ ਬਿਆਨਾਂ ‘ਤੇ ਸਰਪੰਚ ਧਿਰ ਦੇ ਅਮਨਦੀਪ ਸਿੰਘ,ਗਗਨਦੀਪ ਸਿੰਘ, ਸੁਖਚੈਨ ਸਿੰਘ ਅਤੇ ਸਰਪੰਚ ਬੇਅੰਤ ਸਿੰਘ ਉੱਤੇ ਧਾਰਾ 115(2),126, 315(2), 191(3), 190 ਬੀ.ਐਨ.ਐਸ. ਅਧੀਨ ਕਰਾਸ ਪਰਚਾ ਦਰਜ਼ ਕਰ ਲਿਆ ਗਿਆ । ਇਸ ਤੋਂ ਬਿਨਾਂ ਇਕ ਹੋਰ ਪਰਚਾ ਪੀੜਤ ਟਿੰਕੂ ਬੱਤਾ ਵੱਲੋਂ ਧਾਰਾ 115(2), 126, 351(2), 3(5) ਬੀ.ਐਨ.ਐਸ. ਅਧੀਨ ਸਰਪੰਚ ਬੇਅੰਤ ਸਿੰਘ, ਅਸ਼ਵਨੀ ਬੱਤਾ , ਬਚਿੱਤਰ ਸਿੰਘ ਤੇ ਅਮਨਦੀਪ ਸਿੰਘ ਖਿਲਾਫ਼ ਦਰਜ ਕੀਤਾ ਗਿਆ ਹੈ । ਸਮਾਜਸੇਵੀਆਂ ਅਮਿਤੋਜ ਮਾਨ, ਖੁਸ਼ਇੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਭਾਦਸੋਂ ਵਿੱਖੇ ਸਤਲੁਜ ਫਿਲਮ ਦਿਖਾਉਣ ਵਾਲੀ ਧਿਰ ਵੱਲੋਂ ਧਰਨਾ ਲਾਇਆ ਗਿਆ ਜਿੱਥੇ ਧਰਨਾਕਾਰੀਆਂ ਦੀ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨਾਲ ਕਾਫੀ ਸਮਾਂ ਬਹਿਸ ਹੁੰਦੀ ਰਹੀ ਤੇ ਥਾਣਾ ਮੁਖੀ ਨੇ ਸਾਫ ਸੁਥਰੀ ਤਫ਼ਤੀਸ਼ ਕਰਨ ਦਾ ਭਰੋਸਾ ਦਿੱਤਾ । ਅੰਤ ਦੋ ਘੰਟੇ ਦੀ ਜੱਦੋ ਜਹਿਦ ਉਪਰੰਤ ਅਮਿਤੋਜ਼ ਮਾਨ ਤੇ ਸਿੰਘ ਖੁਸ਼ਇੰਦਰ ਸਿੰਘ ਵੱਲੋਂ ਨੌਜਵਾਨਾਂ ਉੱਪਰ ਹੋਏ ਪਰਚੇ ਨੂੰ ਝੂਠਾ ਦੱਸਦਿਆਂ ਪੁਲਿਸ ਨੂੰ ਪਰਚਾ ਰੱਦ ਕਰਨ ਲਈ ਸਨੀਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਐਤਵਾਰ ਨੂੰ ਪਟਿਆਲਾ ਵਿੱਖੇ ਸੂਬਾ ਪੱਧਰੀ ਰੋਸ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ । ਜਿਕਰਯੋਗ ਹੈ ਕਿ ਪਿੰਡ ਦੰਦਰਾਲਾ ਖਰੌਡ ਦਾ ਇਹ ਮਾਮਲਾ ਏਨਾ ਹਾਈਲਾਈਟ ਹੋ ਚੁੱਕਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਨੇ ਵੀ ਸੋਸਲ ਮੀਡੀਆ ‘ਤੇ ਫਿਲਮ ਦਿਖਾਉਣੋਂ ਰੋਕੇ ਜਾਣ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ।
ਫੋਟੋ ਫਾਈਲ ਥਾਣਾ ਭਾਦਸੋਂ ਵਿੱਖੇ ਧਰਨੇ ਦੌਰਾਨ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨਾਲ ਬਹਿਸ਼ਦੇ ਹੋਏ ਸਮਾਜਸੇਵੀ ਅਮਿਤੋਜ ਮਾਨ ਤੇ ਖੁਸ਼ਇੰਦਰ ਸਿੰਘ ।