

ਦੁਕਾਨਦਾਰਾਂ ਨਾਲ ਹੋਈ ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮ 2026 ਸਬੰਧੀ ਮੀਟਿੰਗ
ਭਾਦਸੋਂ 14 ਜੁਲਾਈ ( ਜਗਜੀਤ ਸਿੰਘ ਕੈਂਥ )- ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਠੋਸ ਰਹਿੰਦ ਖੂੰਹਦ ਪ੍ਰਬੰਧਨ ਨਿਯਮ 2026 ਤਹਿਤ ਹੁਣ ਚਾਰ ਡਸਟਬਿਨ ਲਗਾਉਣੇ ਪੈਣਗੇ ਜਿਸ ਵਿੱਚ ਪਹਿਲੇ ਹਰੇ ਡਸਟਬਿਨ ਵਿੱਚ ਗਿੱਲੀ ਰਹਿੰਦ (ਰਸੋਈ ਦੇ ਬਚੇ ਹੋਏ ਹਿੱਸੇ, ਫਲਾਂ ਦੇ ਛਿਲਕੇ, ਸਬਜੀਆਂ ਦੀ ਰਹਿੰਦ ਖੂੰਹਦ ਅਤੇ ਹਰੇ ਜੈਵਿਕ ਪਦਾਰਥ) ਰੱਖੀ ਜਾਵੇਗੀ , ਦੂਜੇ ਨੀਲੇ ਡਸਟਬਿਨ ਵਿੱਚ ਸੁੱਕਾ ਕੂੜਾ (ਰੀਸਾਈਕਲ ਕਰਨਯੋਗ ਪਲਾਸਟਿਕ, ਸਾਫ਼ ਸੁੱਕਾ ਕਾਗਜ਼, ਗੱਤੇ, ਸਕਰੈਪ ਮੈਟਲ ,ਕੱਚ ਅਤੇ ਲੱਕੜ) ਰੱਖਿਆ ਜਾਵੇਗਾ , ਤੀਜੇ ਲਾਲ ਡਸਟਬਿਨ ਵਿੱਚ ਸੈਨੇਟਰੀ ( ਡਾਇਪਰ, ਸੈਨੇਟਰੀ ਉਤਪਾਦ, ਸਫਾਈ ਟਿਸ਼ੂ ਅਤੇ ਜੈਵਿਕ ਮੈਡੀਕਲ ਕਪਾਹ) ਨੂੰ ਥਾਂ ਦਿੱਤੀ ਜਾਵੇਗੀ , ਚੌਥੇ ਸੰਤਰੀ ਡਸਟਬਿਨ ਵਿੱਚ ਵਿਸ਼ੇਸ਼ ਦੇਖਭਾਲ ਵਾਲੀਆਂ ਵਸਤਾਂ ( ਘਰੇਲੂ ਖਤਰਨਾਕ ਵਸਤੂਆਂ, ਪੇਂਟ ਕੇਨ, ਕੀੜਿਆਂ ਵਾਲੀ ਸਪਰੇਅ ਅਤੇ ਪਾਰਾ ਬਲਬ) ਰੱਖੀਆਂ ਜਾਣਗੀਆਂ । ਇਹ ਜਾਣਕਾਰੀ ਈ.ਓ. ਨਗਰ ਪੰਚਾਇਤ ਭਾਦਸੋਂ ਬੂਟਾ ਸਿੰਘ ਵੱਲੋਂ ਵਪਾਰ ਮੰਡਲ ਭਾਦਸੋਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਨਿਯਮ 2026 ਸੁਝਾਅ ਨਹੀਂ ਹਨ ਸਗੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਹਨ । ਨਿਯਮਾਂ ਦੀ ਗੈਰ-ਪਾਲਣਾ ਦੇ ਨਤੀਜੇ ਵਜੋਂ ਮਿਊਸੀਪਲ ਅਫਸਰਾਂ ਦੀ ਜਿੰਮੇਵਾਰੀ ਫਿਕਸ ਹੋਵੇਗੀ ਜਿਸ ਕਰਕੇ ਇਨ੍ਹਾਂ ਨਿਯਮਾਂ ਦੇ ਸਹੀ ਅਮਲ ਨੂੰ ਪੇਸ਼ੇਵਰ ਤਰਜੀਹ ਦਿੱਤੀ ਜਾਵੇਗੀ । ਇਸ ਮੌਕੇ ਕਮਿਊਨਿਟੀ ਫੈਸੀਲੇਟਰ ਮਨਦੀਪ ਕੌਰ ਤੇ ਮੋਟੀਵੇਟਰ ਅਮਨਦੀਪ ਕੌਰ ਨੇ ਸਹਿਰੀਆਂ ਨੂੰ ਨਵੇਂ ਨਿਯਮਾਂ ਬਾਰੇ ਵਿਸਥਾਰ ਨਾਲ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਿਯਮਾਂ ਤਹਿਤ ਸਾਰੀਆਂ ਵਪਾਰਕ ਸੰਸਥਾਵਾਂ, ਰਿਹਾਇਸ਼ੀ ਇਕਾਈਆਂ , ਸਰਕਾਰੀ ਵਿਭਾਗ, ਉਦਯੋਗਿਕ ਇਕਾਈਆਂ, ਜਮੀਨਾਂ, ਕੇਂਦਰ ਸਰਕਾਰ ਦੀਆਂ ਜਾਇਦਾਦਾਂ, ਰੱਖਿਆ ਖੇਤਰਾਂ, ਹਵਾਈ ਅੱਡਿਆਂ , ਰੇਲਵੇ, ਸੁੱਕੀਆਂ ਬੰਦਰਗਾਹਾਂ ਮਿਆਰੀ ਦੇਣਦਾਰੀ ਮਾਪਦੰਡਾਂ ਦੇ ਅਧੀਨ ਆਉਂਦੀਆਂ ਹਨ । ਮਿਊਂਸੀਪਲ ਇੰਸਪੈਕਟਰਾਂ ਕੋਲ ਉਕਤ ਸਭ ਦਾ ਮੁਆਇਨਾ ਕਰਕੇ ਜੁਰਮਾਨਾ ਕਰਨ ਦਾ ਅਧਿਕਾਰ ਹੋਵੇਗਾ । ਇਸ ਮੌਕੇ ‘ਤੇ ਰਣਧੀਰ ਸਿੰਘ ਢੀਂਡਸਾ, ਰਜਿੰਦਰ ਖਨੌੜਾ, ਡਿੰਪਲ ਅਗਰਵਾਲ, ਏਕਮਕਾਰ ਸਿੰਘ, ਬੱਬੀ ਰੰਘੇੜੀ , ਗੋਲਡੀ ਚਾਸਵਾਲ , ਚਰਨਜੀਤ ਰਿੰਪੀ, ਰੋਹਿਤ ਬਾਂਸਲ , ਸੁਦੇਸ਼ ਗਰਗ , ਮੁਨੀਸ਼ ਗੁਪਤਾ, ਮਨੋਜ ਗਰਗ , ਬੇਅੰਤ ਸਿੰਘ ਟਿਵਾਣਾ , ਰਮੇਸ਼ ਕੋਹਲੀ, ਕਾਕਾ ਰਾਮਗੜ੍ਹ ਤੇ ਵਪਾਰ ਮੰਡਲ ਦੇ ਸਮੂਹ ਅਹੁਦੇਦਾਰ ਹਾਜਰ ਸਨ ।
ਫੋਟੋ ਫਾਈਲ ਸ਼ਹਿਰੀਆਂ ਨੂੰ ਨਵੇਂ ਰਹਿੰਦ ਖੂੰਹਦ ਪ੍ਰਬੰਧਨ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਈ.ਓ. ਬੂਟਾ ਸਿੰਘ ਤੇ ਕਮਿਊਨਿਟੀ ਫੈਸੀਲੇਟਰ ਮਨਦੀਪ ਕੌਰ ।