ਪੌਦੇ ਲਗਾਉਣਾ ਹੀ ਨਹੀਂ, ਉਨ੍ਹਾਂ ਨੂੰ ਰੁੱਖ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ
ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ’ਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਪਿੱਪਲ ਤੇ ਬਰੋਟੇ ਦੇ ਪੌਦੇ ਲਗਾਏ
ਅਮਲੋਹ, 23 ਸਤੰਬਰ (ਅਜੇ ਕੁਮਾਰ)
ਵੱਧ ਰਹੇ ਪ੍ਰਦੂਸ਼ਣ ਅਤੇ ਵਾਤਾਵਰਨ ਦੀ ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਇਸੇ ਉਦੇਸ਼ ਨਾਲ ਭਾਰਤ ਵਿਕਾਸ ਪਰਿਸ਼ਦ ਬ੍ਰਾਂਚ ਅਮਲੋਹ ਵੱਲੋਂ ਅਮਲੋਹ ਫੁਟਬਾਲ ਕਲੱਬ ਦੇ ਸਹਿਯੋਗ ਨਾਲ ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ਵਿੱਚ ਪਿੱਪਲ ਅਤੇ ਬਰੋਟੇ ਦੇ ਪੌਦੇ ਲਗਾਏ ਗਏ।ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਵਿਅਕਤੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਵੱਡੇ ਪੱਧਰ ’ਤੇ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਸੰਭਾਲ ਕਰਨ ਦੀ ਲੋੜ ਹੈ।ਪਰਿਸ਼ਦ ਦੇ ਸਕੱਤਰ ਜਰਨੈਲ ਸਿੰਘ ਸਹੋਤਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਪੂਰੀ ਦੁਨੀਆ ਨੇ ਮਹਿਸੂਸ ਕੀਤਾ ਕਿ ਸਾਫ਼ ਹਵਾ ਅਤੇ ਆਕਸੀਜਨ ਮਨੁੱਖੀ ਜੀਵਨ ਲਈ ਕਿੰਨੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਦਰੱਖਤ ਕੁਦਰਤ ਦੀ ਅਨਮੋਲ ਦਾਤ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਕੇਵਲ ਪੌਦਾ ਲਗਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਉਸ ਨੂੰ ਰੁੱਖ ਬਣਨ ਤੱਕ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਹੈ।ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ, ਚਰਨਜੀਤ ਕੁਮਾਰ ਅਬਰੋਲ, ਐਡਵੋਕੇਟ ਅਸ਼ਵਨੀ ਅਬਰੋਲ, ਜਸਵੰਤ ਸਿੰਘ ਗੋਲਡ, ਅਮਲੋਹ ਫੁਟਬਾਲ ਕਲੱਬ ਦੇ ਕਰਮਜੀਤ ਸਿੰਘ ਕੰਮਾ, ਗੁਰਿੰਦਰ ਸਿੰਘ, ਅਮਨ ਬੈਂਸ, ਪਿੰਕਾ ਖੁੱਲਰ ਅਤੇ ਜੱਗਾ ਹਾਜ਼ਰ ਸਨ।
ਫੋਟੋ ਕੈਪਸ਼ਨ: ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ਵਿੱਚ ਪੌਦੇ ਲਗਾਉਂਦੇ ਹੋਏ ਭਾਰਤ ਵਿਕਾਸ ਪਰਿਸ਼ਦ ਅਤੇ ਅਮਲੋਹ ਫੁਟਬਾਲ ਕਲੱਬ ਦੇ ਮੈਂਬਰ।