2.5 ਲੱਖ ਨਸ਼ੀਲੀਆਂ ਗੋਲੀਆਂ, 21 ਹਜ਼ਾਰ ਟੀਕੇ ਅਤੇ 738 ਸ਼ੀਸ਼ੀਆਂ ਬਰਾਮਤ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲੀਸ ਮੁੱਖੀ ਗੌਰਵ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਜਿਲਾ ਪੁਲੀਸ ਨੇ ਐਸਪੀ ਰਾਕੇਸ਼ ਕੁਮਾਰ ਯਾਦਵ ਦੀਆਂ ਹਦਾਇਤਾਂ ਅਨੁਸਾਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 2,56,846 ਨਸ਼ੀਲੀਆਂ ਗੋਲੀਆਂ-ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ- ਵਾਇਲਜ਼ ਬ੍ਰਾਮਦ ਕੀਤੀਆਂ ਹਨ। ਉਨ੍ਹਾਂ ਪਾਸੋ 1 ਮੋਟਰਸਾਈਕਲ, 1 ਸਕੂਟਰੀ ਅਤੇ 1 ਬਲੈਨੋ ਕਾਰ ਵੀ ਬਰਾਮਦ ਹੋਈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਅੱਜ ਇਥੇ ਦਸਿਆ ਕਿ ਪੁਲੀਸ ਨੇ ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਮੁਕਦਮਾ ਦਰਜ ਕੀਤਾ ਹੈ, ਜਿਸ ਦੀ ਡੂੰਘਾਈ ਨਾਲ ਤਫਤੀਸ਼ ਦੌਰਾਨ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਨੂੰ ਤਕਨੀਕੀ/ਡਿਜੀਟਲ ਸਹਾਇਤਾ ਨਾਲ ਟਰੇਸ ਕਰ ਕੇ ਗ੍ਰਿਫਤਾਰ ਕਰਕੇ ਬ੍ਰਾਮਦਗੀ ਕੀਤੀ ਅਤੇ ਉੱਤਰ ਪ੍ਰਦੇਸ਼ ਤੋਂ ਵਾਇਆ ਹਰਿਆਣਾ-ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਹੈ। ਉਨ੍ਹਾਂ ਦਸਿਆ ਕਿ 27 ਜਨਵਰੀ ਨੂੰ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਪਰਵਿੰਦਰ ਸਿੰਘ ਵਾਸੀ ਚੋਲਟਾ ਖੁਰਦ ਜੋਂ ਖੁਦ ਨਸ਼ਾ ਕਰਦਾ ਅਤੇ ਵੇਚਦਾ ਹੈ ਨੂੰ ਕਾਬੂ ਕਰ ਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਗੋਲੀਆਂ ਬ੍ਰਾਮਦ ਕੀਤੀਆਂ। ਉਹ ਯਮੁਨਾਨਗਰ ਤੋਂ ਸਾਹਿਲ ਨਾਮ ਦੇ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਸਪਲਾਈ ਕਰਦਾ ਸੀ, ਜਿਸ ਨੂੰ 29 ਜਨਵਰੀ ਨੂੰ ਯਮੁਨਾਨਗਰ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਉਸ ਨੇ ਪੜ੍ਹਤਾਲ ਦੌਰਾਨ ਦੱਸਿਆ ਕਿ ਇਹ ਨਸ਼ਾ ਪੰਕਜ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ, ਜਿਸ ਨੂੰ ਉਸ ਦੇ ਪਾਰਟਨਰ ਸੁਭਮ ਸਮੇਤ 30 ਜਨਵਰੀ ੂਨੂੰ ਸਹਾਰਨਪੁਰ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਨੇ ਸਹਾਰਨਪੁਰ ਵਿੱਚ ਹੀ ਗੈਰ-ਕਾਨੂੰਨੀ ਗੋਦਾਮ ਲਿਆ ਹੋਇਆ ਸੀ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਉਨ੍ਹਾਂ ਦਸਿਆ ਕਿ ਪੁਛਗਿਛ ਦੌਰਾਨ ਪੰਕਜ ਉਰਫ ਵਿਰਾਟ ਨੇ ਦੱਸਿਆ ਕਿ ਇਹ ਮੈਡੀਕਲ ਨਸ਼ਾ ਅਬਦੁੱਲ ਉਰਫ ਵਾਜੀਦ ਵਾਸੀ ਮੇਰਠ ਤੋਂ ਮੰਗਵਾਉਂਦਾ ਹੈ, ਜਿਸ ਨੂੰ 4 ਫ਼ਰਵਰੀ ਨੂੰ ਮੇਰਠ ਤੋਂ ਉਸ ਦੇ ਦੋ ਪਾਰਟਨਰ ਸ਼ਾਹਿਦ ਅਤੇ ਵਸੀਮ ਸਮੇਤ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਦਾਮ ਵਿਚੋ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਕਾਬੂ ਕੀਤੇ। ਉਨ੍ਹਾਂ ਦਸਿਆ ਕਿ ਹੁਣ ਤੱਕ ਦੀ ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਸ਼ੇ ਦੀ ਸਪਲਾਈ ਦਾ ਪੂਰਾ ਨੈਟਵਰਕ ਹੈ ਜੋ ਮੇਰਠ ਯੂਪੀ., ਦਿੱਲੀ, ਸਹਾਰਨਪੁਰ, ਯਮੁਨਾਨਗਰ ਹਰਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਸੀ। ਸੀਆਈਏ ਦੀ ਟੀਮ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 3 ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਦੀ ਪੁਛਗਿਛ ਜਾਰੀ ਹੈ ਅਤੇ ਹੋਰ ਵੀ ਸੁਰਾਗ ਲੱਗਣ ਦੀ ਸੰਭਾਵਨਾ ਹੈ। ਇਸ ਅਪਰੇਸ਼ਨ ਵਿੱਚ ਡੀਐਸਪੀ ਨਿਖਿਲ ਗਰਗ, ਗੁਰਦੀਪ ਸਿੰਘ ਦਿਓਲ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਾਰਜ਼ ਸੀਆਈਏ ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।
*ਫੋਟੋ ਕੈਪਸ਼ਨ: ਜਿਲਾ ਪੁਲੀਸ ਮੁੱਖੀ ਡਾ. ਰਵਜੋਤ ਗਰੇਵਾਲ ਕਾਬੂ ਕੀਤੇ ਕਥਿਤ ਦੋਸ਼ੀਆ ਅਤੇ ਬਰਾਮਦ ਨਸ਼ੀਲੇ ਪਦਾਰਥਾ ਸਮੇਤ ਜਾਣਕਾਰੀ ਦਿੰਦੇ ਹੋਏ।*