ਪੰਜਾਬ ਦੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਦੇ ਅਕਾਲ ਚਲਾਣਾ ਕਰਨ ’ਤੇ ਮਾਤਾ ਗੁਜਰੀ ਕਾਲਜ ਵਿੱਚ ਸੋਗ ਦੀ ਲਹਿਰ
ਅਪ੍ਰੈਲ 11 (ਜਗਜੀਤ ਸਿੰਘ)ਮਾਤਾ ਗੁਜਰੀ ਕਾਲਜ ਦੇ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਦੇ ਪਿਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਰਣਧੀਰ ਸਿੰਘ ਚੀਮਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਮਾਤਾ ਗੁਜਰੀ ਕਾਲਜ ਦੇ ਸਮੂਹ ਸਟਾਫ਼ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਆਪਣੇ ਨਿਮਰ ਸੁਭਾਅ ਅਤੇ ਸਾਦੇ ਜੀਵਨ ਲਈ ਜਾਣੇ ਜਾਂਦੇ ਸ੍ਰ. ਚੀਮਾ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਸ਼੍ਰੋਮਣੀ ਅਕਾਲ ਦਲ ਦੀ ਵਜ਼ਾਰਤ ਸਮੇਂ ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਵੀ ਨਿਭਾਈਆਂ। ਵਰਣਨਯੋਗ ਹੈ ਕਿ ਸ੍ਰ. ਰਣਧੀਰ ਸਿੰਘ ਚੀਮਾ ਨੂੰ ਮਾਤਾ ਗੁਜਰੀ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪਹਿਲੇ ਸਕੱਤਰ ਬਣਨ ਦਾ ਮਾਣ ਪ੍ਰਾਪਤ ਹੈ। ਇਸ ਮੌਕੇ ਕਾਲਜ ਵਿਖੇ ਸ਼ੋਕ ਸਭਾ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਸਮੂਹ ਪੰਥ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਨੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ੍ਰ. ਰਣਧੀਰ ਸਿੰਘ ਚੀਮਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ ਹਮਦਰਦ ਸਨ ਅਤੇ ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬ ਨੂੰ ਅਤੇ ਸਮੁੱਚੇ ਪੰਥ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸ੍ਰ. ਚੀਮਾ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਵੱਲੋਂ ਕਾਲਜ ਦੀ ਤਰੱਕੀ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਸਤਿਕਾਰ ਸਹਿਤ ਯਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਸਵ. ਸ. ਰਣਧੀਰ ਸਿੰਘ ਚੀਮਾ