ਟਕਸਾਲੀ ਨੌਜਵਾਨ ਅਕਾਲੀ ਆਗੂ ਲਵਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭੇਜਿਆ ਅਸਤੀਫ਼ਾ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਟਕਸਾਲੀ ਨੌਜਵਾਨ ਅਕਾਲੀ ਆਗੂ ਲਵਪ੍ਰੀਤ ਸਿੰਘ ਲਵੀ ਨੇ ਸ਼੍ਰੋਮਣੀ ਕਾਲੀ ਦਲ ਦੀ ਮੈਬਰਸਿਪ ਤੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿਤਾ ਹੈ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਲਵੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਉਹ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੰਗ ਦਾ ਪ੍ਰਧਾਨ ਰਿਹਾ ਅਤੇ ਮੌਜੂਦਾ ਸਮੇਂ ਵੀ ਵਿਦਿਆਰਥੀ ਜਥੇਬੰਦੀ ਦਾ ਸੂਬਾਈ ਆਗੂ ਹੈ। ਉਸ ਦਾ ਪ੍ਰੀਵਾਰ ਟਕਸਾਲੀ ਅਕਾਲੀ ਪ੍ਰੀਵਾਰ ਵਜੋਂ ਜਾਣਿਆ ਜਾਦਾ ਹੈ। ਉਸ ਨੇ ਅਸਤੀਫ਼ੇ ਵਿਚ ਕਿਹਾ ਕਿ ਪਾਰਟੀ ਵਲੋਂ ਅਹੁੱਦੇ ਦੇਣ ਸਮੇਂ ਉਸ ਦੀ ਅਤੇ ਪ੍ਰੀਵਾਰ ਦੀ ਸੇਵਾ ਨੂੰ ਨਜਰਅੰਦਾਜ ਕੀਤਾ ਗਿਆ ਜਿਸ ਕਾਰਣ ਉਸ ਨੇ ਆਪਣਾ ਇਹ ਅਸਤੀਫ਼ਾ ਦਿਤਾ ਹੈ। ਸ੍ਰੀ ਲਵੀ ਵਲੋਂ ਪਾਰਟੀ ਛੱਡਣ ਕਾਰਣ ਜ਼ਿਲ੍ਹਾ ਖਾਸ ਕਰਕੇ ਹਲਕਾ ਬਸੀ ਪਠਾਨਾ ਵਿਚ ਪਾਰਟੀ ਨੂੰ ਵੱਡਾ ਝੱਟਾ ਲਗਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਸ ਨੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਘਰ-ਘਰ ਜਾ ਕੇ ਪ੍ਰੀਵਾਰ ਕੀਤਾ ਸੀ ਅਤੇ 2012 ਤੋਂ 2017 ਤੱਕ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨਾਲ ਅਤੇ 2017 ਤੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨਾਲ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਅਤੇ ਵਫਾਦਾਰ ਸਿਪਾਹੀ ਵਜੋਂ ਭੁਮਿਕਾ ਨਿਭਾਈ। ਇਹ ਵੀ ਵਰਨਣਯੋਗ ਹੈ ਕਿ ਸ. ਲਵਪ੍ਰੀਤ ਸਿੰਘ ਲਵੀ ਦਾ ਪ੍ਰੀਵਾਰ ਟਕਸਾਲੀ ਪ੍ਰੀਵਾਰ ਵਜੋਂ ਜਾਣਿਆ ਜਾਦਾ ਹੈ। ਉਸ ਦੇ ਦਾਦਾ ਤਿੰਨ ਵਾਰ ਅਤੇ ਦਾਦਾ ਦੇ ਭਰਾ ਪੰਜ ਵਾਰ ਪਿੰਡ ਮੀਰਪੁਰ ਤਹਿ. ਖਮਾਣੋ ਦੇ ਸਰਪੰਚ ਰਹੇ। ਪ੍ਰਾਪਤ ਸੂਚਨਾ ਅਨੁਸਾਰ ਇਸ ਨੌਜਵਾਨ ਆਗੂ ਨੇ ਕਰੀਬ ਛੇ ਮਹੀਨੇ ਤੋਂ ਪਾਰਟੀ ਤੋਂ ਦੂਰੀ ਵੀ ਬਣਾਈ ਹੋਈ ਸੀ। ਉਸ ਨੇ ਅਸਤੀਫ਼ੇ ਦਾ ਕਾਰਨ ਪਿਛਲੇ ਕੁਝ ਸਮੇਂ ਤੋਂ ਪਾਰਟੀ ਨਾਲ ਨਰਾਜ਼ ਹੋਣਾ ਦਸਿਆ। ਪ੍ਰਾਪਤ ਸੂਚਨਾ ਅਨੁਸਾਰ ਸ੍ਰੀ ਲਵੀ ਮੌਜੂਦਾ ਸਮੇਂ ਆਪ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਜੀ.ਪੀ, ਵਿਧਾਇਕ ਲਖਬੀਰ ਸਿੰਘ ਰਾਏ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਨਾਲ ਰਾਬਤੇ ਵਿਚ ਹਨ।
ਫੋਟੋ ਕੈਪਸ਼ਨ: ਲਵਪ੍ਰੀਤ ਸਿੰਘ ਲਵੀ