ਸਿਵਲ ਸਰਜਨ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਵੱਲੋਂ ਆਮ ਲੋਕਾਂ ਨੂੰ 24 ਘੰਟੇ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਸਿਹਤ ਸੇਵਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲਿਆ। ਇਸ ਦੌਰਾਨ ਉਨ੍ਹਾਂ ਐਮਰਜੈਂਸੀ ਵਿੱਚ ਡਿਊਟੀ ਕਰਨ ਵਾਲੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਅਤੇ ਸਮੂਹ ਸਟਾਫ ਡਿਊਟੀ ‘ਤੇ ਹਾਜਰ ਪਾਇਆ ਗਿਆ। ਉਨ੍ਹਾਂ ਡਿਊਟੀ ‘ਤੇ ਤੈਨਾਤ ਐਮਰਜੈਂਸੀ ਮੈਡੀਕਲ ਅਫਸਰ ਨੂੰ ਕਿਹਾ ਕਿ ਐਮਰਜੈਂਸੀ ਵਿੱਚ ਆਪਾਤਕਾਲੀਨ ਸੇਵਾਵਾਂ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਦਾਖਲ ਕਰਨ ਉਪਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਫਾਈਲਾਂ ਜਰੂਰ ਬਣਾਈਆਂ ਜਾਣ ਜਿਨ੍ਹਾਂ ਨੂੰ ਹਰ ਪੱਖ ਤੋਂ ਕੰਪਲੀਟ ਰਖਿਆ ਜਾਵੇ ਤਾਂ ਕਿ ਕਿਸੇ ਮਰੀਜ਼ ਨੂੰ ਮੁਸਕਲ ਨਾ ਆਵੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿੱਚ ਲੱਗੇ ਸਾਰੇ ਉਪਕਰਣ ਵਰਕਿੰਗ ਕੰਡੀਸ਼ਨ ਵਿੱਚ, ਉਚਿਤ ਮਾਤਰਾ ਵਿੱਚ ਦਵਾਈਆਂ, ਖੂਨ ਦਾ ਪ੍ਰਬੰਧ ਅਤੇ ਸਹੀ ਮੈਨ ਪਾਵਰ ਦਾ ਪ੍ਰਬੰਧ ਯਕੀਨੀ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਮਰਜੈਂਸੀ ਦੌਰਾਨ ਪਹਿਲੇ 24 ਘੰਟੇ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਕਿਹਾ। ਉਨ੍ਹਾਂ ਐਮਰਜੈਂਸੀ ਵਿੱਚ ਤਾਇਨਾਤ ਸਟਾਫ ਨੂੰ ਕਿਹਾ ਕਿ ਐਕਸੀਡੈਂਟਲ ਕੇਸਾਂ ਵਿੱਚ ਮਰੀਜ਼ ਨੂੰ ਲਿਆਉਣ ਵਾਲੇ ਵਿਅਕਤੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ ਤਾਂ ਕਿ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਤਹਿਤ ਦਿੱਤਾ ਜਾ ਰਿਹਾ ਲਾਭ ਦਿਵਾਇਆ ਜਾ ਸਕੇ ਅਤੇ ਉਸ ਦਾ ਸਨਮਾਨ ਹੋ ਸਕੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਉਹ ਐਮਰਜੈਂਸੀ ਵਿੱਚ ਆਏ ਮਰੀਜ਼ਾਂ ਦਾ ਪੂਰਾ ਖਿਆਲ ਰੱਖਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ।
ਫੋਟੋ ਕੈਪਸ਼ਨ: ਐਮਰਜੈਂਸੀ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।