
ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਲਈ 31 ਕਰੋੜ ਦੇ ਨਵੇਂ ਸਟੀਲ ਪੁੱਲਾਂ ਨੂੰ ਮਿਲੀ ਪ੍ਰਵਾਨਗੀ-ਡਾ. ਅਮਰ ਸਿੰਘ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸ਼੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਲਈ 31 ਕਰੋੜ ਰੁਪਏ ਦੇ ਨਵੇਂ ਸਟੀਲ ਪੁਲਾਂ ਨੂੰ ਕੇਦਰ ਸਰਕਾਰ ਵਲੋਂ ਪ੍ਰਵਾਨਗੀ ਮਿਲੀ ਹੈ। ਇਹ ਜਾਣਕਾਰੀ ਲੋਕ ਸਭਾ ਮੈਬਰ ਡਾ. ਅਮਰ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦਿਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਬੇਨਤੀ ’ਤੇ ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 31 ਕਰੋੜ ਰੁਪਏ ਦੇ ਨਵੇਂ ਪੁਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਮੁੱਖ ਨਹਿਰਾਂ ’ਤੇ ਵੱਖ-ਵੱਖ ਪੁਲ ਬਹੁਤ ਪੁਰਾਣੇ ਅਤੇ ਤੰਗ ਹੋ ਗਏ ਹਨ। ਪੁਲਾਂ ਨੂੰ ਜੋੜਨ ਵਾਲੀਆਂ ਸੜਕਾਂ ਚੌੜੀਆਂ ਹੋ ਗਈਆਂ ਜਿਸ ਕਾਰਨ ਆਵਾਜਾਈ ਵਧੇਰੇ ਹੁੰਦੀ ਹੈ ਅਤੇ ਇਨ੍ਹਾਂ ਥਾਵਾਂ ’ਤੇ ਭੀੜ-ਭੜੱਕਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਮਾਰਚ ਵਿੱਚ ਕੇਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਚੌਹਾਨ ਕੋਲ ਨਵੇਂ ਪੁਲਾਂ ਦੀ ਮੰਗ ਉਠਾਈ ਸੀ, ਜਿਨ੍ਹਾਂ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਵਿੱਚ 31 ਕਰੋੜ ਰੁਪਏ ਦੇ 4 ਨਵੇਂ ਪੁਲਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿਚ ਭਾਦੇਵਾਲ, ਰਾਣੋ, ਬਿਲਾਸਪੁਰ ਵਿਖੇ ਪਟਿਆਲਾ ਫੀਡਰ, ਭਟਿੰਡਾ ਨਹਿਰ (ਲੁਧਿਆਣਾ) ’ਤੇ ਪੁਲਾਂ ਅਤੇ ਨਿਰਵਾਣਾ ਬ੍ਰਾਂਚ ਨਹਿਰ (ਫਤਹਿਗੜ੍ਹ ਸਾਹਿਬ) ’ਤੇ ਪੁਲਾਂ ਨੂੰ ਆਧੁਨਿਕ ਸਟੀਲ ਪੁਲਾਂ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਨਵੇਂ ਸਟੀਲ ਪੁਲਾਂ ਦੀ ਚੌੜਾਈ ਵਧੇਗੀ ਅਤੇ ਇਹ ਪੁਰਾਣੇ ਪੁਲਾਂ ਦੀ ਸੁਰੱਖਿਆ ਅਤੇ ਆਵਾਜਾਈ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨਗੇ।
ਫੋਟੋ ਕੈਪਸ਼ਨ: ਡਾ. ਅਮਰ ਸਿੰਘ