ਗਊ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ : ਭੂਸ਼ਨ ਸੂਦ
ਗਊ ਸੇਵਾ ਸਮਿਤੀ ਵੱਲੋਂ ਮੱਸਿਆ ਮੌਕੇ ਗਊਸ਼ਾਲਾ ਅਮਲੋਹ ਵਿਖੇ ਖੀਰ-ਪੂੜਿਆਂ ਦਾ ਲੰਗਰ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਹਰਿਆਵਲ ਮੱਸਿਆ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਅਤੇ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਮਿਤੀ ਵੱਲੋਂ ਹਰ ਪੂਰਨਮਾਸ਼ੀ ਤੇ ਮੱਸਿਆ ਮੌਕੇ ਕਰਵਾਈ ਜਾਂਦੀ ਪੂਜਾ ਅਤੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਭੂਸ਼ਨ ਸੂਦ ਅਤੇ ਪ੍ਰੇਮ ਚੰਦ ਸ਼ਰਮਾ ਨੇ ਕਿਹਾ ਕਿ ਸਾਡੇ ਗੁਰੂਆਂ ਅਤੇ ਪੀਰਾਂ ਨੇ ਸਾਨੂੰ ਗਊ ਅਤੇ ਲੋੜਵੰਦਾਂ ਦੀ ਸੇਵਾ ਦਾ ਮਾਰਗ ਦਿਖਾਇਆ ਹੈ। ਇਸ ਲਈ ਸਾਨੂੰ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਅਤੇ ਗਊ ਸੇਵਾ ਨਾਲ ਜੁੜੇ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਹਰ ਮਹੀਨੇ ਪੂਰਨਮਾਸ਼ੀ ਅਤੇ ਮੱਸਿਆ ਦੀ ਸ਼ਾਮ 5 ਵਜੇ ਹੋਣ ਵਾਲੀ ਪੂਜਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਗਊਸ਼ਾਲਾ ਅਮਲੋਹ ਵਿਖੇ ‘ਗਊ ਕਥਾ’ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਉਪਰੰਤ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ। ਇਸੇ ਤਰ੍ਹਾਂ 2 ਸਤੰਬਰ ਨੂੰ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਅਤੇ 4 ਸਤੰਬਰ ਨੂੰ ਗਊਸ਼ਾਲਾ ਅਮਲੋਹ ਵਿਖੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੰਦਰ ਦੇ ਪੁਜਾਰੀ ਪੰਡਤ ਰੋਸ਼ਨ ਲਾਲ ਨੇ ਮੰਤਰ ਉਚਾਰਨ ਅਤੇ ਆਰਤੀ ਦੀ ਰਸਮ ਨਾਲ ਪੂਜਾ ਕਰਵਾਈ। ਇਸ ਮੌਕੇ ਪੰਜਾਬ ਦੇ ਰਿਟਾਇਰਡ ਸਿੱਖਿਆ ਡਾਇਰੈਕਟਰ ਰੋਸ਼ਨ ਸੂਦ, ਉੱਘੇ ਸਮਾਜ ਸੇਵੀ ਡਾ. ਰਘਵੀਰ ਸ਼ੁਕਲਾ, ਰਿਟਾਇਰਡ ਮੈਡੀਕਲ ਅਫਸਰ ਡਾ. ਸ਼ਸ਼ੀ ਬਾਲਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਸ੍ਰੀ ਰਾਮ ਮੰਦਰ ਅਮਲੋਹ ਦੇ ਖਜ਼ਾਨਚੀ ਸ਼ਿਵ ਕੁਮਾਰ ਗੋਇਲ, ਸਾਈ ਮੰਦਰ ਕਮੇਟੀ ਦੇ ਬੱਬੂ ਰਾਣਾ, ਜੁਗਲ ਕਿਸ਼ੋਰ, ਮਿੰਟੂ ਅਰੋੜਾ, ਸੁਰਿੰਦਰ ਕੁਮਾਰ ਸ਼ਰਮਾ, ਰਾਜ ਰਾਣੀ, ਸਮਿਤੀ ਦੇ ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ, ਅਸ਼ੋਕ ਗੁਪਤਾ ਮੁਕਤਸਰ ਵਾਲੇ, ਸਵਰਨਜੀਤ ਸਿੰਘ, ਰਿਸ਼ੂ ਗੋਇਲ, ਹਰਦੇਵ ਸਿੰਘ ਸੌਂਟੀ, ਜਸਵੀਰ ਸਿੰਘ ਲਾਡਪੁਰ, ਭੂਸ਼ਨ ਗਰਗ, ਅਸ਼ੋਕੀ ਭਗਤ, ਰਿਟਾਇਰਡ ਮੁਖ-ਅਧਿਆਪਕ ਰਾਮ ਸਰਨ ਸੂਦ, ਮੁਕੇਸ਼ ਸੂਦ, ਰਿਟਾਇਰਡ ਸੀ.ਡੀ.ਪੀ.ਓ. ਮੰਜੂ ਸੂਦ, ਰਿਟਾਇਰਡ ਲੈਕਚਰਾਰ ਊਸ਼ਾ ਸੂਦ, ਨੀਸ਼ਾ ਰਾਣੀ, ਗਿੰਨੀ ਸੂਦ ਅਤੇ ਕਿਆਂਸ ਸੂਦ ਆਦਿ ਹਾਜ਼ਰ ਸਨ।ਸਮਾਗਮ ਦੌਰਾਨ ਪ੍ਰਧਾਨ ਭੂਸ਼ਨ ਸੂਦ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੰਜਕ ਪੂਜਨ ਅਤੇ ਬ੍ਰਾਹਮਣ ਪੂਜਨ ਕੀਤਾ ਗਿਆ। ਇਸ ਉਪਰੰਤ ਅਤੁੱਟ ਖੀਰ-ਮਾਲਪੂੜਿਆਂ ਦਾ ਲੰਗਰ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਪ੍ਰਸ਼ਾਦ ਗ੍ਰਹਿਣ ਕੀਤਾ।
ਫੋਟੋ ਕੈਪਸ਼ਨ: ਪੂਜਾ ਦੀ ਰਸਮ ਵਿੱਚ ਸ਼ਾਮਲ ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ ਅਤੇ ਹੋਰ।