ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸੜਕਾਂ ਅਤੇ ਮਾਰਗਾਂ ਦੀਆਂ ਮੰਗਾਂ ਰੱਖੀਆਂ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ/ਅਮਲੋਹ)
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਵੱਖ-ਵੱਖ ਸੜਕੀ ਪ੍ਰੋਜੈਕਟਾਂ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਦੇ ਸਾਹਮਣੇ ਸਰਹਿੰਦ ਤੋਂ ਲੁਧਿਆਣਾ ਤੱਕ ਨੈਸ਼ਨਲ ਹਾਈਵੇ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਮੰਗ ਰੱਖੀ ਜਿਸ ਵਿੱਚ ਲਾਈਟਾਂ, ਗ੍ਰੀਨ ਬੈਲਟ, ਸਰਵਿਸ ਲਾਈਨਾਂ ਦੀ ਰਿਪੇਅਰ ਸ਼ਾਮਲ ਹੈ। ਉਨ੍ਹਾਂ ਖਰੜ-ਲੁਧਿਆਣਾ ਰਾਸ਼ਟਰੀ ਮਾਰਗ ’ਤੇ ਕੋਟਲਾ ਸ਼ਮਸ਼ਪੁਰ ਵਿਖੇ ਅੰਡਰਪਾਸ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਹਾਈਵੇ ਨਿਕਲਣ ਕਾਰਨ ਪਿੰਡ ਕੋਟਲਾ ਸ਼ਮਸ਼ਪੁਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਤੇਜ਼ ਰਫ਼ਤਾਰ ਆਵਾਜਾਈ ਵਿਚਕਾਰ ਰੋਜ਼ਾਨਾ ਸੜਕ ਪਾਰ ਕਰਨੀ ਪੈਂਦੀ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਅੰਡਰਪਾਸ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਾਹਨੇਵਾਲ ਇਲਾਕੇ ਦੇ ਸੂਜਾਤਵਾਲਾ ਰੋਡ ’ਤੇ ਲੁਧਿਆਣਾ ਰੋਪੜ (ਰੂਪਨਗਰ) ਐਕਸਪ੍ਰੈੱਸਵੇਅ ਲਈ ਪਹੁੰਚ ਮੁਹੱਈਆ ਕਰਵਾਉਣ ਦੀ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਸਾਹਨੇਵਾਲ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਹੈ ਅਤੇ ਇਸ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਐਕਸਪ੍ਰੈੱਸਵੇਅ ਦੀ ਸਹੂਲਤ ਮਿਲਣ ਨਾਲ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਅਤੇ ਖੇਤਰ ਦੀ ਆਰਥਿਕ ਤਰੱਕ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਖੰਟ ਵਿਖੇ ਪਹਿਲਾਂ ਹੀ ਮਨਜ਼ੂਰ ਕੀਤੇ ਫੁੱਟ ਓਵਰ ਬ੍ਰਿਜ ਨੂੰ ਜੀਟੀਬੀ ਸਕੂਲ ਖੰਟ ਦੇ ਬਿਲਕੁਲ ਸਾਹਮਣੇ ਤਬਦੀਲ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਬਸੀ ਪਠਾਣਾਂ ਵਿਧਾਨ ਸਭਾ ਹਲਕੇ ਦੇ ਫਾਟਕਾਂ ’ਤੇ ਰੇਲਵੇ ਅੰਡਰਪਾਸ ਅਤੇ ਓਵਰਬ੍ਰਿਜ ਬਣਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੇਲਵੇ ਫਾਟਕਾਂ ’ਤੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬੱਸੀ ਪਠਾਣਾਂ ਹਲਕੇ ਵਿੱਚ ਲੋੜੀਂਦੇ ਸਥਾਨਾਂ ’ਤੇ ਰੇਲਵੇ ਅੰਡਰਪਾਸ ਅਤੇ ਓਵਰਬ੍ਰਿਜ ਬਣਾਉਣ ਦੇ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ ’ਤੇ ਮਨਜ਼ੂਰੀ ਦੇਣ ਅਤੇ ਜਲਦ ਲਾਗੂ ਕਰਨ ਦੀ ਮੰਗ ਕੀਤੀ।
ਫੋਟੋ ਕੈਪਸਨ: ਲੋਕ ਸਭਾ ਮੈਬਰ ਡਾ. ਅਮਰ ਸਿੰਘ ਕੇਦਰੀ ਮੰਤਰੀ ਨਿਤਿਨ ਗੱਡਕਰੀ ਨੂੰ ਮੰਗ ਪੱਤਰ ਦਿੰਦੇ ਹੋਏ।