ਫਿਰੋਜ਼ਪੁਰ 7 ਨਵੰਬਰ 2024(ਦੀਪਾ ਬਰਾੜ)
ਡੀ.ਏ.ਪੀ. ਦੀ ਦੇ ਬਦਲ ਦੇ ਤੌਰ `ਤੇ ਬਾਜ਼ਾਰ ਵਿਚ ਹੋਰ ਬਹੁਤ ਖਾਦਾਂ ਹਨ, ਜੋ ਹਾੜ੍ਹੀ ਦੀਆਂ ਫਸਲਾਂ ਲਈ ਡੀ.ਏ.ਪੀ. ਖਾਦ ਜਿੰਨੀਆਂ ਹੀ ਕਾਰਗਰ ਹਨ। ਇਹ ਜਾਣਕਾਰੀ ਬਲਾਕ ਖੇਤੀਬਾੜੀ ਅਫਸਰ ਫਿਰੋਜ਼ਪੁਰ ਗੁਰਸਾਹਬ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿੱਥੇ ਡੀ.ਏ.ਪੀ. ਵਿਚੋਂ ਫ਼ਸਲ ਨੂੰ 18 ਫੀਸਦੀ ਨਾਈਟ੍ਰੋਜਨ ਅਤੇ 46 ਫੀਸਦੀ ਫਾਸਫੋਰਸ ਖੁਰਾਕੀ ਤੱਤ ਮਿਲ ਜਾਂਦਾ ਹੈ ਉਥੇ ਹੀ ਡੀ.ਏ.ਪੀ. ਖਾਦ ਦੇ ਬਦਲ ਵਜੋਂ ਬਾਜ਼ਾਰ ਵਿਚ ਹੋਰ ਖਾਦਾਂ ਜਿਵੇਂ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ ਅਤੇ ਕਿਸਾਨ ਖਾਦਾਂ ਉਪਲੱਬਧ ਹਨ, ਜਿੰਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਕਣਕ ਦੀ ਬਿਜਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਟਿਪਲ ਸਪਰ ਫਾਸਫੇਟ ਵਿੱਚ ਡੀਏਪੀ ਵਾਂਗੂ 46 ਫੀਸਦੀ ਫਾਸਫੋਰਸ ਤੱਤ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਕਿਸਾਨ ਖਾਦ (12:32:16) ਦੀ ਵਰਤੋਂ ਵੀ ਡੀਏਪੀ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਬਿਜਾਈ ਸਮੇਂ ਡੇਢ ਬੋਰੀ ਕਿਸਾਨ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੈਟਿਕ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਬੈਗ ਸਿੰਗਲ ਸੁਪਰ ਫਸਫੋਟ 16 ਫੀਸਦੀ ਪ੍ਰਤੀ ਏਕੜ ਵਰਤੇ ਜਾ ਸਕਦੇ ਹਨ ਹੈ ਅਤੇ ਇਸ ਵਿਚੋਂ ਸਲਫ਼ਰ ਤੱਤ ਵੀ ਮਿਲ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਬਿਜਾਈ ਲਈ ਟ੍ਰਿਪਲ ਸੁਪਰ ਫਸਫੇਟ ਖਾਦ ਜਾਂ ਸਿੰਗਲ ਸੁਪਰ ਫਸਫੇਟ ਖਾਦ ਵਰਤਣੀ ਹੋਵੇ ਤਾਂ ਕਣਕ ਦੀ ਬਿਜਾਈ ਸਮੇਂ 20 ਕਿਲੋ ਯੂਰੀਆ ਪ੍ਰਤੀ ਏਕੜ ਜ਼ਰੂਰ ਪਾ ਲੈਣੀ ਚਾਹੀਦੀ ਹੈ। ਇਹ ਖਾਦ ਫਸਲਾਂ ਲਈ ਡੀਏਪੀ ਨਾਲੋਂ ਵਧੀਆ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਸਫੇਟ ਵਿੱਚ 16 ਫੀਸਦੀ ਫਾਸਫੋਰਸ, 11 ਫੀਸਦੀ ਸਲਫਰ ਪਾਇਆ ਜਾਂਦਾ ਹੈ। ਇਸ ਵਿੱਚ ਸਲਫ਼ਰ ਤੱਤ ਮੌਜੂਦ ਹੋਣ ਕਾਰਨ ਇਹ ਖਾਦ ਤੇਲ ਬੀਜਾਂ ਅਤੇ ਦਾਲਾਂ ਦੀਆਂ ਫਸਲਾਂ ਲਈ ਹੋਰ ਖਾਦਾਂ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ।
ਉਨ੍ਹਾਂ ਦੱਸਿਆ ਕਿ ਡੀ ਏ ਪੀ ਪ੍ਰਤੀ ਬੋਰੀ ਵਿੱਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟ੍ਰੋਜਨ ਪਾਇਆ ਜਾਂਦਾ ਹੈ ਜਦ ਕਿ ਜੇਕਰ ਫਸਲਾਂ ਨੂੰ ਫਾਸਫੋਰਸ, ਨਾਈਟ੍ਰੋਜਨ ਅਤੇ ਸਲਫਰ ਦੇ ਪੋਸ਼ਟਿਕ ਤੱਤ ਪ੍ਰਦਾਨ ਕਰਨ ਲਈ ਡੀਏਪੀ ਅਤੇ ਸਲਫਰ ਦੇ ਬਦਲ ਵਜੋਂ ਐਸਐਸਪੀ ਅਤੇ ਯੂਰੀਆ ਦੀ ਵਰਤੋਂ ਕੀਤੀ ਜਾਵੇ ਤਾਂ ਡੀਏਪੀ ਅਤੇ ਸਲਫਰ ਨਾਲੋਂ ਘੱਟ ਕੀਮਤ `ਤੇ ਵੱਧ ਨਾਈਟ੍ਰੋਜਨ, ਫਾਸਫੋਰਸ ਅਤੇ ਸਲਫਰ ਪ੍ਰਾਪਤ ਕੀਤਾ ਜਾ ਸਕਦਾ ਹੈ।