ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਸੂਬੇ ਅੰਦਰ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਰਕਾਂ ’ਤੇ ਨਕੇਲ ਕਸੀ ਜਾ ਰਹੀ ਹੈ ਉਥੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਫਤਹਿ ਕੱਪ-ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਐੱਸਪੀ (ਜਾਂਚ) ਰਾਕੇਸ਼ ਯਾਦਵ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਭਵਿੱਖ ਵਿੱਚ ਵੀ ਅਜਿਹੇ ਬਾਸਕਟਬਾਲ, ਕਬੱਡੀ, ਕ੍ਰਿਕਟ, ਵਾਲੀਬਾਲ, ਫੁਟਬਾਲ, ਸਾਈਕਲੋਥਨ, ਮੈਰਾਥਨ ਮੁਕਾਬਲੇ, ਜਾਗਰੂਕਤਾ ਕੈਂਪ, ਨੁੱਕੜ ਨਾਟਕ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਨਿਰੋਗ ਜ਼ਿੰਦਗੀ ਜਿਊਣ ਦੇ ਨਾਲ-ਨਾਲ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਦੇ ਹਨ। ਟੂਰਨਾਮੈਂਟ ਦੌਰਾਨ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਹਿੱਸਾ ਲਿਆ। ਇਹ ਖਿਡਾਰੀ ਪੰਜਾਬ ਸਰਕਾਰ ਦੇ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਂ ਕਾਰਜਸ਼ੀਲ ਖੇਡ ਸੈਂਟਰਾਂ ਨਾਲ ਵੀ ਸਬੰਧਤ ਹਨ। ਸ਼੍ਰੀ ਯਾਦਵ ਨੇ ਕਿਹਾ ਕਿ ਫ਼ਤਿਹ ਕੱਪ ਨੇ ਨਾ ਸਿਰਫ਼ ਮੁਕਾਬਲੇ ਦੇ ਪਲੇਟਫਾਰਮ ਵਜੋਂ ਕੰਮ ਕੀਤਾ ਸਗੋਂ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਅਹਿਮ ਸਾਬਤ ਹੋਇਆ। ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਸ਼੍ਰੀ ਯਾਦਵ ਨੇ ਕਿਹਾ ਕਿ ਇਸ ਈਵੈਂਟ ਦੌਰਾਨ ਸਾਰੇ ਭਾਗੀਦਾਰਾਂ ਵੱਲੋਂ ਮਿਲਿਆ ਸਮਰਥਨ, ਨਸ਼ਿਆਂ ਦੇ ਖਾਤਮੇ ਅਤੇ ਤੰਦਰੁਸਤੀ ਪ੍ਰਤੀ ਜੋਸ਼ੀਲੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਡੀਐਸਪੀ ਸੁਖਨਾਜ਼ ਸਿੰਘ, ਡੀਐਸਪੀ ਖੁਸ਼ਪ੍ਰੀਤ ਸਿੰਘ, ਡੀਐਸਪੀ ਰਾਜ ਕੁਮਾਰ, ਡੀਐਸਪੀ ਗੁਰਦੀਪ ਸਿੰਘ, ਹਰਤੇਸ਼ ਕੌਸ਼ਿਕ, ਨਿਖਿਲ ਗਰਗ, ਸੀਨੀਅਰ ਬਾਸਕਟਬਾਲ ਕੋਚ ਰਹੁਲਦੀਪ ਸਿੰਘ ਅਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
ਫੋਟੋ ਕੈਪਸ਼ਨ: ਐੱਸ.ਪੀ. ਰਾਕੇਸ਼ ਯਾਦਵ ਅਤੇ ਹੋਰ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ।