ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਚਾਈਨੀਜ਼ ਡੋਰ ’ਤੇ ਪਾਬੰਦੀ ਸਬੰਧੀ ਜਾਂਚ ਕਰਨ ਲਈ ਚੁੰਨੀ ਕਲਾਂ ਅਤੇ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ ਕਿਤੋਂ ਵੀ ਚਾਈਨੀਜ਼ ਡੋਰ ਨਹੀਂ ਮਿਲੀ। ਇਸ ਡੋਰ ’ਤੇ ਪਾਬੰਦੀ ਸਬੰਧੀ ਬੈਨਰਾਂ ਨੂੰ ਦੁਕਾਨਾਂ ਦੇ ਬਾਹਰ ਚਿਪਕਾਇਆ ਵੀ ਗਿਆ ਅਤੇ ਇਸ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਐੱਸਡੀਓ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਬੋਰਡ ਦੀ ਟੀਮ ਵੱਲੋਂ ਪਤੰਗ ਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਇਸ ਡੋਰ ਦੀ ਵਿਕਰੀ ’ਤੇ ਲਗਾਈ ਗਈ ਰੋਕ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਕਾਨੂੰਨਾਂ ਤੇ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਦੱਸਿਆ ਗਿਆ। ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਪਲਾਸਟਿਕ ਦੀ ਬਣੀ ਡੋਰ ਜਿਥੇ ਮਨੁੱਖਾਂ ਲਈ ਘਾਤਕ ਹੈ ਉਥੇ ਹੀ ਇਸ ਵਿੱਚ ਫਸ ਕੇ ਪੰਛੀ ਵੀ ਨੁਕਸਾਨੇ ਜਾਂਦੇ ਹਨ ਅਤੇ ਕਈ ਵਾਰ ਦਰਖ਼ਤਾਂ ’ਤੇ ਹੀ ਲਟਕੇ ਰਹਿ ਜਾਂਦੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਵੀ ਫੈਲਦਾ ਹੈ। ਪਲਾਸਟਿਕ ਨਾਲ ਬਣੀ ਡੋਰ ਦੀ ਵਿਕਰੀ ਗੈਰ ਕਾਨੂੰਨੀ ਹੈ ਅਤੇ ਇਸ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕੈਦ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ। ਚੈਕਿੰਗ ਟੀਮ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਲਈ ਬੋਰਡ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਟੀਮ ਵਿੱਚ ਜੇਈ ਪਰਨੀਤ ਸਿੰਘ ਆਦਿ ਸਾਮਲ ਸਨ।
ਫੋਟੋ ਕੈਪਸ਼ਨ: ਜੇਈ ਪਰਨੀਤ ਸਿੰਘ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ।