ਡਿਪਟੀ ਕਮਿਸ਼ਨਰ ਅਤੇ ਉਪ ਕੁਲਪਤੀ ਵੱਲੋਂ ਕਿਤਾਬ ‘ਚਾਰ ਸਾਹਿਬਜ਼ਾਦੇ: ਲਾਇਫ਼ ਐਂਡ ਕੰਟਰੀਬਿਊਸ਼ਨ’ ਲੋਕ ਅਰਪਿਤ

ਡਾ. ਪਰਮਵੀਰ ਸਿੰਘ ਅਤੇ ਡਾ.ਕੁਲਵਿੰਦਰ ਸਿੰਘ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਹੈ ਕਿਤਾਬ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਤਿਆਰ ਕੀਤੀ ਕਿਤਾਬ ‘ਚਾਰ ਸਾਹਿਬਜ਼ਾਦੇ: ਲਾਇਫ਼ ਐਂਡ ਕੰਟਰੀਬਿਊਸ਼ਨ’ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਅਰਪਣ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰ ਕੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਸਿੱਖ ਧਰਮ ਅਤੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਸਾਹਿਬਜ਼ਾਦਿਆਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਨੂੰ ਸਿਜਦਾ ਕਰਨ ਲਈ ਹਰ ਸਾਲ ਦੇਸ਼-ਵਿਦੇਸ਼ ਦੀ ਧਰਤੀ ਤੋਂ ਸੰਗਤ ਇਸ ਅਸਥਾਨ ’ਤੇ ਹਰ ਸਾਲ ਸ਼ਹੀਦੀ ਸਭਾ ਵਿਚ ਹਾਜ਼ਰੀ ਭਰਦੀ ਹੈੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਵੱਲੋਂ ਇਸ ਦਿਸ਼ਾ ਵਿੱਚ ਇਹ ਸ਼ਲਾਘਾਯੋਗ ਕਾਰਜ ਕੀਤਾ ਗਿਆ। ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ। ਇਹ ਕਿਤਾਬ ਤਿੰਨ ਭਾਸ਼ਾਵਾਂ ਵਿੱਚ ਸਾਹਿਬਜ਼ਾਦਿਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਨਾਲ ਭਾਰਤ ਦੇ ਵੱਖੋ ਵੱਖ ਰਾਜਾਂ ਵਿਚਲੇ ਪਾਠਕਾਂ ਲਈ ਇਹ ਪੁਸਤਕ ਵਧੇਰੇ ਸਹਾਈ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਡਾ. ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਭਗਤ ਲਕਸ਼ਮਣ ਸਿੰਘ, ਪਿਆਰਾ ਸਿੰਘ ਪਦਮ, ਜਸਵੰਤ ਸਿੰਘ ਨੇਕੀ, ਡਾ. ਜਸਪਾਲ ਸਿੰਘ, ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਜਸਬੀਰ ਕੌਰ ਅਹੂਜਾ, ਗਿਆਨੀ ਬਲਵੰਤ ਸਿੰਘ ਕੋਠਾਗੁਰੂ ਆਦਿ ਸਮੇਤ 32 ਸਿੱਖ ਅਤੇ ਗੈਰ-ਸਿੱਖ ਵਿਦਵਾਨਾਂ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ। ਨਿਸ਼ਚਿਤ ਤੌਰ ’ਤੇ ਇਹ ਪੁਸਤਕ ਪਾਠਕਾਂ ਨੂੰ ਸਾਹਿਬਜ਼ਾਦਿਆਂ ਸਬੰਧੀ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਨ ਵਿਚ ਸਹਾਈ ਹੋਵੇਗੀ। ਡਾ. ਪਰਮਵੀਰ ਸਿੰਘ ‘ਤੇ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਵਿਚ ਉੱਘੇ ਸਿੱਖ ਵਿਦਵਾਨਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ ਤਾਂ ਕਿ ਸਾਹਿਬਜ਼ਾਦਿਆਂ ਸਬੰਧੀ ਸਿੱਖ ਵਿਦਵਾਨਾਂ ਦਾ ਦ੍ਰਿਸ਼ਟੀਕੋਣ ਵਿਦਿਆਰਥੀ, ਖੋਜਾਰਥੀ ਅਤੇ ਆਮ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਅਤੇ ਉਪ ਕੁਲਪਤੀ ਡਾ.ਪ੍ਰਿਤਪਾਲ ਸਿੰਘ ਕਿਤਾਬ ਲੋਕ ਅਰਪਣ ਕਰਦੇ ਹੋਏ।

Leave a Comment