ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਛਾਉਣੀ ਬੁੱਢਾ ਦਲ ਲੋਹਗੜ੍ਹ ਸਾਹਿਬ ਅਤੇ ਦਸਮ ਪਾਤਸ਼ਾਹ ਦੇ ਚਰਨ ਛੋਹ ਅਸਥਾਨਾਂ ਜੋ ਬੁੱਢਾ ਦਲ ਦੇ ਪ੍ਰਬੰਧ ਹੇਠ ਹਨ ਵਿਖੇ ਗੁਰਮਤਿ ਸਮਾਗਮ ਹੋਏ, ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਤੇ ਸੰਤ ਮਹਾਂਪੁਰਸ਼ ਨੇ ਸਿਰਕਤ ਕੀਤੀ। ਲੋਹਗੜ੍ਹ ਸਾਹਿਬ ਵਿਖੇ ਪਾਤਸ਼ਾਹੀ10ਵੀਂ ਵਿਖੇ ਹੋਏ ਗੁਰਮਤਿ ਸਮਾਗਮ ਵਿੱਚ ਭਾਈ ਪਰਮਿੰਦਰ ਸਿੰਘ ਅਸਟਰੇਲੀਆ, ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਸੁਖਜੀਤ ਸਿੰਘ ਕੱਨ੍ਹਈਆ ਕਥਾਵਾਚਕ ਅਤੇ ਖਾਲਸਾ ਪੰਥ ਦੇ ਸਿਰਮੌਰ ਰਾਗੀ ਢਾਡੀ ਜੱਥੇ, ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੇਵਲ ਦਸਮ ਪਾਤਸ਼ਾਹ ਨੇ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਕੇ ਸਰਬੰਸ ਦਾਨੀ ਅਖਵਾਏ। ਛੋਟੀ ਉਮਰ ਵਿਚ ਪਿਤਾ ਦੀ ਕੁਰਬਾਨੀ, ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹਾਦਤ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦੇਣ ਵੱਡੀ ਹੈ ਅਤੇ ਸਾਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੰਜ ਕਕਾਰੀ ਰਹਿਤ ਦੇ ਧਾਰਨੀ ਬਣ ਕੇ ਸਿੱਖ ਨੂੰ ਵੱਖਰੀ ਪਛਾਣ ਦਿੱਤੀ ਹੈ, ਜਿਸ ਕਰਕੇ ਸਾਡਾ ਵਿਰਸਾ ਬਹੁਤ ਮਹਾਨ ਹੈ ਪਰ ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਸਾਡੀ ਨੌਜਵਾਨੀ ਨਸ਼ਿਆਂ ‘ਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੁਖ ਸਿੰਘ, ਬਾਬਾ ਕਰਮ ਸਿੰਘ, ਬਾਬਾ ਬਲਦੇਵ ਸਿੰਘ ਪਟਿਆਲਾ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਚਰਨ ਸਿੰਘ, ਬਾਬਾ ਭਗਤ ਸਿੰਘ, ਬਾਬਾ ਗਗਨ ਸਿੰਘ ਅਤੇ ਬਾਬਾ ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਪ੍ਰੋਗਰਾਮ ‘ਚ ਸਾਮਲ ਬਾਬਾ ਬਲਬੀਰ ਸਿੰਘ ਅਤੇ ਹੋਰ ਅਤੇ ਸੰਗਤਾਂ ਲੰਗਰ ਛੱਕਦੀਆਂ ਹੋਈਆਂ।