ਆਮ ਆਦਮੀ ਪਾਰਟੀ ਦੇ 7 ਕੌਂਸਲਰਾਂ ਵਿਚੋ 6 ਨੇ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਕੀਤੀ ਮੁਲਾਕਾਤ
ਅਮਲੋਹ, (ਅਜੇ ਕੁਮਾਰ)
ਨਗਰ ਕੌਂਸਲ ਅਮਲੋਹ ਦੀ ਚੋਣ ਤੋਂ ਬਾਅਦ ਪ੍ਰਧਾਨਗੀ ਪੱਦ ਹਾਸਲ ਕਰਨ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ 4 ਉਮੀਦਵਾਰਾਂ ਵਲੋਂ ਇਸ ਦੇ ਲਈ ਆਪਣੀ ਜੋਰ ਅਜਮਾਈ ਸੁਰੂ ਕਰ ਦਿਤੀ ਹੈ, ਜਿਨ੍ਹਾਂ ਵਿਚ ਪਾਰਟੀ ਦੇ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਦਰਸਨ ਸਿੰਘ ਚੀਮਾ ਦੀ ਨੂੰਹ ਹਰਿੰਦਰ ਕੌਰ ਚੀਮਾ, ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਅਤੇ ਅਤੁੱਲ ਲੁਟਾਵਾ ਦੇ ਨਾਮ ਸਾਮਲ ਹਨ। ਇਥੇ ਇਹ ਵਰਨਣਯੋਗ ਹੈ ਕਿ ਕੌਂਸਲ ਦੇ 13 ਕੌਂਸਲਰਾਂ ਵਿਚੋ 7 ਕੌਂਸਲਰ ਆਮ ਆਦਮੀ ਪਾਰਟੀ ਦੇ 3 ਕਾਂਗਰਸ, 2 ਸ਼੍ਰੋਮਣੀ ਅਕਾਲੀ ਦਲ ਅਤੇ 1 ਭਾਰਤੀ ਜਨਤਾ ਪਾਰਟੀ ਦਾ ਹੈ। ਇਸ ਤਰ੍ਹਾਂ ਆਪ ਨੂੰ ਕੌਂਸਲ ਵਿਚ ਪੂਰਾ ਬਹੁੱਮਤ ਹਾਸਲ ਹੈ। ਪ੍ਰਧਾਨਗੀ ਪੱਦ ਦੀ ਚੋਣ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਕੌਂਸਲਰਾਂ ਦਾ ਇਕ ਵਫਦ ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ ਦੀ ਅਗਵਾਈ ਹੇਠ 7 ਜਨਵਰੀ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਪਾਰਟੀ ਦੇ ਕੌਂਸਲਰਾਂ ਅਤੇ ਸ਼ਹਿਰ ਦੇ ਲੋਕਾਂ ਦੀ ਇਛਾ ਮੁਤਾਬਕ ਪ੍ਰਧਾਨਗੀ ਪੱਦ ਲਈ ਚੋਣ ਕੀਤੀ ਜਾਵੇ। ਸ੍ਰੀ ਅਰੋੜਾ ਨੇ ਭਰੋਸਾ ਦਿਤਾ ਕਿ ਸਾਰੇ ਪਹਿਲੂਆਂ ਨੂੰ ਵਿਚਾਰਨ ਉਪਰੰਤ ਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਹਲਕਾ ਵਿਧਾਇਕ ਨੂੰ ਵੀ ਕਿਹਾ ਕਿ ਕੌਂਸਲਰਾਂ ਦੀ ਰਾਏ ਮੁਤਾਬਕ ਹੀ ਪ੍ਰਧਾਨ ਦੀ ਚੋਣ ਕੀਤੀ ਜਾਵੇ। ਇਸ ਵਫਦ ਵਿਚ ਬੀਸੀ ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਔਲਖ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਜਗਤਾਰ ਸਿੰਘ, ਅਤੁਲ ਲੁਟਾਵਾ, ਵਿੱਕੀ ਮਿੱਤਲ, ਜਾਨਵੀ ਸ਼ਰਮਾ ਦੇ ਪਤੀ ਮੋਨੀ ਪੰਡਿਤ ਅਤੇ ਤਰਨਪ੍ਰੀਤ ਸਿੰਘ ਆਦਿ ਸ਼ਾਮਲ ਸਨ। ਇਹ ਵੀ ਪਤਾ ਲਗਿਆ ਹੈ ਕਿ ਵਿਧਾਇਕ ਨੇ 8 ਜਨਵਰੀ ਦੀ ਸਾਮ ਨੂੰ ਕੌਂਸਲਰਾਂ ਨਾਲ ਇਸ ਸਬੰਧੀ ਮੀਟਿੰਗ ਵੀ ਕੀਤੀ ਹੈ, ਇਸ ਤਰ੍ਹਾਂ ਅਗਲੇ ਹਫ਼ਤੇ ਵਿਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਸੰਭਵ ਹੋ ਗਈ ਹੈ।
ਫੋਟੋ ਕੈਪਸ਼ਨ: ਆਪ ਦੇ 6 ਕੌਂਸਲਰ ਅਤੇ ਪਾਰਟੀ ਆਗੂ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਕਰਦੇ ਹੋਏ।